ਪੰਜ ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ, ਮਹਿੰਗਾਈ ਤੇ ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਹੋ ਸਕਦੀ ਚਰਚਾ
ਦੇਸ਼ ਵਿੱਚ ਮਹਿੰਗਾਈ ਤੇ ਖੇਤੀ ਕਾਨੂੰਨਾਂ ਉੱਪਰ ਬੁਰੀ ਤਰ੍ਹਾਂ ਘਿਰੀ ਬੀਜੇਪੀ ਇਸ ਮੀਟਿੰਗ ਵਿੱਚ ਭਵਿੱਖ ਬਾਰੇ ਅਹਿਮ ਚਰਚਾ ਕਰੇਗੀ। ਮੀਟਿੰਗ ਵਿੱਚ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਬਾਰੇ ਚਰਚਾ ਕੀਤੀ ਜਾਵੇਗੀ।
ਨਵੀਂ ਦਿੱਲੀ: ਦੇਸ਼ ਦੀਆਂ 29 ਵਿਧਾਨ ਸਭਾ ਤੇ ਤਿੰਨ ਲੋਕ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ’ਚ ਲੱਗੇ ਝਟਕੇ ਮਗਰੋਂ ਬੀਜੇਪੀ ਦੀ ਕੌਮੀ ਕਾਰਜਕਾਰਨੀ ਦੀ ਅੱਜ ਮੀਟਿੰਗ ਹੋ ਰਹੀ ਹੈ। ਦੇਸ਼ ਵਿੱਚ ਮਹਿੰਗਾਈ ਤੇ ਖੇਤੀ ਕਾਨੂੰਨਾਂ ਉੱਪਰ ਬੁਰੀ ਤਰ੍ਹਾਂ ਘਿਰੀ ਬੀਜੇਪੀ ਇਸ ਮੀਟਿੰਗ ਵਿੱਚ ਭਵਿੱਖ ਬਾਰੇ ਅਹਿਮ ਚਰਚਾ ਕਰੇਗੀ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਬਣਾਉਣ ਬਾਰੇ ਚਰਚਾ ਕੀਤੀ ਜਾਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਮਹਿੰਗਾਈ ਤੇ ਖੇਤੀ ਕਾਨੂੰਨ ਅਹਿਮ ਕੇਂਦਰ ਬਿੰਦੂ ਹੋਣਗੇ। ਵਿਧਾਨ ਸਭਾ ਚੋਣਾਂ ਵਾਲੇ ਪੰਜ ਸੂਬਿਆਂ ਵਿੱਚੋਂ ਤਿੰਨ ਪੰਜਾਬ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਕਿਸਾਨ ਅੰਦੋਲਨ ਕਰਕੇ ਬੀਜੇਪੀ ਦੀ ਹਾਲਤ ਪਤਲੀ ਹੋਈ ਹੈ। ਇਸ ਲਈ ਖੇਤੀ ਕਾਨੂੰਨਾਂ ਬਾਰੇ ਕੋਈ ਨਾ ਕੋਈ ਹੱਲ ਕੱਢਣ ਬਾਰੇ ਵਿਚਾਰ ਚਰਚਾ ਹੋਏਗੀ। ਕਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਬੀਜੇਪੀ ਕਾਰਜਕਾਰਨੀ ਦੀ ਇਹ ਪਹਿਲੀ ਬੈਠਕ ਹੈ। ਇਸ ਲਈ ਬੈਠਕ ਦੌਰਾਨ ਹੋਰ ਅਹਿਮ ਮੁੱਦਿਆਂ ਬਾਰੇ ਵੀ ਵਿਚਾਰਾਂ ਕੀਤੇ ਜਾਣ ਦੀ ਸੰਭਾਵਨਾ ਹੈ।
ਬੀਜੇਪੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇਪੀ ਨੱਢਾ ਅਤੇ ਕਈ ਕੇਂਦਰੀ ਮੰਤਰੀਆਂ ਸਮੇਤ ਕੌਮੀ ਕਾਰਜਕਾਰਨੀ ਦੇ 124 ਮੈਂਬਰ ਹਿੱਸਾ ਲੈਣਗੇ। ਇਸ ਤੋਂ ਇਲਾਵਾ ਕੋਵਿਡ ਨੇਮਾਂ ਦਾ ਪਾਲਣ ਕਰਦਿਆਂ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਹੋਰ ਮੈਂਬਰ ਵਰਚੁਅਲੀ ਆਪਣੀ ਹਾਜ਼ਰੀ ਲਵਾਉਣਗੇ। ਪਾਰਟੀ ਪ੍ਰਧਾਨ ਨੱਢਾ ਉਦਘਾਟਨੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਪਤੀ ਭਾਸ਼ਨ ਦੇਣਗੇ। ਪਾਰਟੀ ਵੱਲੋਂ ਕੋਵਿਡ ਪੀੜਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।
ਦੱਸ ਦਈਏ ਕਿ ਬੀਜੇਪੀ ਲੀਡਰ ਖੁਦ ਮੰਨ ਰਹੇ ਹਨ ਕਿ ਪੈਟਰੋਲ-ਡੀਜ਼ਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੇ ਖਾਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਨੇ ਬੀਜੇਪੀ ਸਰਕਾਰ ਦੇ ਅਕਸ ਨੂੰ ਵੱਡੀ ਢਾਹ ਲਾਈ ਹੈ। ਇਸ ਲਈ ਕੇਂਦਰ ਸਰਕਾਰ ਨੇ ਪਿਛਵੇ ਦਿਨੀਂ ਐਕਸਾਈਜ਼ ਡਿਊਟੀ ਘਟਾਈ ਹੈ। ਇਸ ਦੇ ਬਾਵਜੂਦ ਮਹਿੰਗਾਈ ਘਟਣ ਦਾ ਨਾਂ ਨਹੀਂ ਲੈ ਰਹੀ।