ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ 'ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ
ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਡਿਜੀਟਲ ਗ੍ਰਿਫਤਾਰੀ ਰਾਹੀਂ ਕੀਤੀ ਗਈ ਧੋਖਾਧੜੀ ਨਾਲ ਜੁੜੇ ਇੱਕ ਵੱਡੇ ਮਨੀ ਲਾਂਡਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੇ ਉਦਯੋਗਪਤੀ ਐਸ.ਪੀ. ਓਸਵਾਲ ਨਾਲ ਸੰਬੰਧਿਤ ਡਿਜ਼ਿਟਲ ਅਰੇਸਟ..

ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਡਿਜੀਟਲ ਗ੍ਰਿਫਤਾਰੀ ਰਾਹੀਂ ਕੀਤੀ ਗਈ ਧੋਖਾਧੜੀ ਨਾਲ ਜੁੜੇ ਇੱਕ ਵੱਡੇ ਮਨੀ ਲਾਂਡਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੇ ਉਦਯੋਗਪਤੀ ਐਸ.ਪੀ. ਓਸਵਾਲ ਨਾਲ ਸੰਬੰਧਿਤ ਡਿਜ਼ਿਟਲ ਅਰੇਸਟ ਮਾਮਲੇ ਵਿੱਚ ED ਨੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿੱਚ ਇੱਕੋ ਸਮੇਂ 11 ਥਾਵਾਂ ‘ਤੇ ਛਾਪੇਮਾਰੀ ਕੀਤੀ।
ਇਸ ਕਾਰਵਾਈ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜ਼ਿਟਲ ਸਬੂਤ ਜ਼ਬਤ ਕੀਤੇ ਗਏ ਹਨ। ਮਾਮਲੇ ਦੀ ਮਾਸਟਰਮਾਈਂਡ ਰੂਮੀ ਕਲਿਤਾ ਨੂੰ PMLA ਤਹਿਤ ਗ੍ਰਿਫ਼ਤਾਰ ਕਰਕੇ 2 ਜਨਵਰੀ 2026 ਤੱਕ ED ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਵੱਖ-ਵੱਖ ਖਾਤਿਆਂ ਵਿੱਚ 7 ਕਰੋੜ ਰੁਪਏ ਟ੍ਰਾਂਸਫਰ ਕਰਵਾਏ
ਈਡੀ ਦੇ ਮੁਤਾਬਕ ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਤਹਿਤ ਕੀਤੀ ਗਈ। ਜਾਂਚ ਦੀ ਸ਼ੁਰੂਆਤ ਲੁਧਿਆਣਾ ਦੇ ਸਾਈਬਰ ਕਰਾਈਮ ਥਾਣੇ ਵਿੱਚ BNSS, 2023 ਤਹਿਤ ਦਰਜ ਐਫਆਈਆਰ ਦੇ ਆਧਾਰ ‘ਤੇ ਹੋਈ ਸੀ। ਬਾਅਦ ਵਿੱਚ ਇਸ ਗਿਰੋਹ ਨਾਲ ਜੁੜੇ ਹੋਰ 9 ਮਾਮਲਿਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਡਿਜ਼ੀਟਲ ਅਰੇਸਟ ਦੇ ਸਮੇਂ ਠੱਗਾਂ ਨੇ ਆਪਣੇ ਆਪ ਨੂੰ ਕੇਂਦਰੀ ਜਾਂਚ ਬਿਊਰੋ (CBI) ਦੇ ਅਧਿਕਾਰੀ ਦੱਸ ਕੇ ਐਸ.ਪੀ. ਓਸਵਾਲ ਨੂੰ ਡਰਾਇਆ ਅਤੇ ਨਕਲੀ ਸਰਕਾਰੀ ਤੇ ਨਿਆਂਕ ਦਸਤਾਵੇਜ਼ ਵਿਖਾਏ। ਇਸ ਤਰੀਕੇ ਨਾਲ ਉਨ੍ਹਾਂ ਨੂੰ ਵੱਖ-ਵੱਖ ਖਾਤਿਆਂ ਵਿੱਚ ਲਗਭਗ 7 ਕਰੋੜ ਰੁਪਏ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ।
5.24 ਕਰੋੜ ਰੁਪਏ ਦੀ ਰਕਮ ਬਰਾਮਦ
ਈਡੀ ਨੇ ਕਾਰਵਾਈ ਦੌਰਾਨ 5.24 ਕਰੋੜ ਰੁਪਏ ਦੀ ਰਕਮ ਬਰਾਮਦ ਕਰਕੇ ਪੀੜਤ ਨੂੰ ਵਾਪਸ ਕਰ ਦਿੱਤੀ ਹੈ। ਬਾਕੀ ਰਕਮ ਨੂੰ ਫ਼ਰਜ਼ੀ ਖਾਤਿਆਂ ਰਾਹੀਂ ਡਾਇਵਰਟ ਕੀਤਾ ਗਿਆ ਸੀ, ਜੋ ਮਜ਼ਦੂਰਾਂ ਅਤੇ ਡਿਲਿਵਰੀ ਬੁਆਏ ਵਰਗੇ ਲੋਕਾਂ ਦੇ ਨਾਮ ‘ਤੇ ਖੋਲ੍ਹੇ ਗਏ ਸਨ। ਇਨ੍ਹਾਂ ਖਾਤਿਆਂ ਤੋਂ ਪੈਸਾ ਜਾਂ ਤਾਂ ਅੱਗੇ ਟ੍ਰਾਂਸਫਰ ਕਰ ਦਿੱਤਾ ਗਿਆ ਜਾਂ ਤੁਰੰਤ ਨਕਦ ਕੱਢ ਲਿਆ ਗਿਆ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਰੂਮੀ ਕਲਿਤਾ ਇਨ੍ਹਾਂ ਫ਼ਰਜ਼ੀ ਖਾਤਿਆਂ ਦੀ ਜਾਣਕਾਰੀ ਠੱਗੀ ਗਈ ਰਕਮ ਦੇ ਇਕ ਨਿਰਧਾਰਤ ਪ੍ਰਤੀਸ਼ਤ ਦੇ ਬਦਲੇ ਉਪਲਬਧ ਕਰਵਾਉਂਦੀ ਸੀ। ਉਹ ਅਪਰਾਧ ਦੀ ਆਮਦਨ ਦੇ ਡਾਇਵਰਜ਼ਨ ਅਤੇ ਲੇਅਰਿੰਗ ਦੀ ਪੂਰੀ ਪ੍ਰਕਿਰਿਆ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਰਹੀ।
ਰੂਮੀ ਨੂੰ 23 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ
ਤਲਾਸ਼ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ED ਨੇ ਰੂਮੀ ਕਲੀਤਾ ਨੂੰ 23 ਦਸੰਬਰ 2025 ਨੂੰ ਗ੍ਰਿਫਤਾਰ ਕੀਤਾ। CJM ਕੋਰਟ, ਕੰਮਰੂਪ (M), ਗੁਵਾਹਾਟੀ ਤੋਂ ਉਸਨੂੰ 4 ਦਿਨ ਦੀ ਟ੍ਰਾਂਜਿਟ ਰਿਮਾਂਡ ਮਿਲੀ, ਜਿਸਦੇ ਬਾਅਦ ਉਸਨੂੰ ਜਲੰਧਰ ਦੀ ਸਪੈਸ਼ਲ PMLA ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 2 ਜਨਵਰੀ 2026 ਤੱਕ 10 ਦਿਨਾਂ ਲਈ ED ਹਿਰਾਸਤ ਵਿੱਚ ਭੇਜਿਆ। ED ਇਸ ਮਾਮਲੇ ਦੀ ਅੱਗੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ।






















