ਕਸੂਤਾ ਫਸਿਆ Dhruv Rathee ! ਪੰਜਾਬ 'ਚ ਜ਼ਬਰਦਸਤ ਵਿਰੋਧ, ਦਿੱਲੀ 'ਚ ਦਰਜ ਹੋਈ ਸ਼ਿਕਾਇਤ, ਸਿੱਖ ਗੁਰੂਆਂ 'ਤੇ ਬਣਾਈ ਸੀ AI ਵੀਡੀਓ
ਸੁਖਬੀਰ ਬਾਦਲ ਨੇ ਕਿਹਾ ਕਿ ਆਓ ਅਸੀਂ ਸ਼ਰਧਾ ਨਾਲ ਸਹੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ ਤੇ ਇਹ ਯਕੀਨੀ ਬਣਾਈਏ ਕਿ ਕਿਸੇ ਵੀ ਕੌਮ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ ।

ਯੂਟਿਊਬਰ ਧਰੁਵ ਰਾਠੀ ਵੱਲੋਂ ਸਿੱਖ ਗੁਰੂਆਂ 'ਤੇ ਬਣਾਈ ਗਈ ਵੀਡੀਓ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਧਰੁਵ ਰਾਠੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਦੇ ਹੋਏ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਐਨੀਮੇਸ਼ਨ ਚਲਾ ਕੇ '“The Sikh Warrior Who Terrified the Mughals”' 'ਤੇ ਇੱਕ ਵੀਡੀਓ ਬਣਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਇਸ ਤੋਂ ਇਲਾਵਾ ਸਿਆਸੀ ਧਿਰਾਂ ਵੱਲੋਂ ਵੀ ਇਸ ਖ਼ਿਲਾਫ਼ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਹਾਲ ਹੀ ਵਿੱਚ ਇੱਕ ਯੂਟਿਊਬਰ ਧਰੁਵ ਰਾਠੀ ਦੁਆਰਾ “The Sikh Warrior Who Terrified the Mughals” ਸਿਰਲੇਖ ਹੇਠ ਇੱਕ ਵੀਡੀਓ ਜਿਸ ਵਿੱਚ ਇਤਿਹਾਸਕ ਗਲਤੀਆਂ ਤੋਂ ਇਲਾਵਾ ਏ.ਆਈ (AI) ਨਾਲ ਤਿਆਰ ਕੀਤੇ ਸਾਡੇ ਗੁਰੂ ਸਾਹਿਬਾਨਾਂ ਨੂੰ ਦਰਸਾਉਂਦੇ ਦ੍ਰਿਸ਼ਾਂ ਦੀ ਅਣਉਚਿਤ ਤਰੀਕੇ ਨਾਲ ਕੀਤੀ ਗਈ ਵਰਤੋਂ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ । ਗੁਰੂ ਸਾਹਿਬਾਨ ਦੇ ਇਸ ਤਰੀਕੇ ਪੇਸ਼ ਕੀਤੇ ਦ੍ਰਿਸ਼ ਅਤੇ ਚਿੱਤਰਣ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਹਨ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਂਦੇ ਹਨ । ਸਤਿਕਾਰਤ ਭਾਸ਼ਾ ਦੀ ਮਹੱਤਤਾ ਬਾਰੇ ਅਗਿਆਨਤਾ ਅਤੇ ਅਜਿਹੇ ਗੁੰਮਰਾਹਕੁੰਨ ਬਿਰਤਾਂਤ ਭਵਿੱਖ ਵਿੱਚ ਵੀ ਸਮੱਸਿਆਵਾਂ ਪੈਦਾ ਕਰਦੇ ਹਨ ।
Strongly condemn a recent video by Youtuber Dhruv Rathee titled “The Sikh Warrior Who Terrified the Mughals” for its inappropriate use of AI-generated visuals depicting our Guru Sahiban besides historical inaccuracies.
— Sukhbir Singh Badal (@officeofssbadal) May 19, 2025
Such portrayals violate Sikh rehat maryada which prohibits… pic.twitter.com/NsEmtZQYXH
ਬਾਦਲ ਨੇ ਕਿਹਾ ਕਿ ਮੈਂ ਸਾਰੇ ਯੂਟਿਊਬਰ ਸਿਰਜਕਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ਉੱਪਰ ਵੀਡਿਓਜ਼ ਤਿਆਰ ਕਰਦੇ ਸਮੇਂ ਬਹੁਤ ਸਾਵਧਾਨੀ ਅਤੇ ਸੰਵੇਦਨਸ਼ੀਲਤਾ ਵਰਤਣ ਦੀ ਬੇਨਤੀ ਕਰਦਾ ਹਾਂ । ਸਾਡੇ ਸਾਰਿਆਂ ਲਈ ਸਭ ਦੀਆਂ ਧਾਰਮਿਕ ਪਰੰਪਰਾਵਾਂ ਅਤੇ ਇਤਿਹਾਸ ਦੀ ਸਹੀ ਪੜਚੋਲ ਦਾ ਧਿਆਨ ਰੱਖਣਾ ਬਹੁਤ ਮਹੱਤਵਪੂਰਨ ਹੈ । ਮੈਂ ਇਤਰਾਜ਼ਯੋਗ ਟਿੱਪਣੀਆਂ ਨੂੰ ਤੁਰੰਤ ਹਟਾਉਣ ਅਤੇ ਅਗਾਂਹ ਲਈ ਸਿੱਖ ਧਰਮ ਦੀ ਪਵਿੱਤਰ ਵਿਰਾਸਤ ਸੰਬੰਧੀ ਟਿੱਪਣੀ ਕਰਦਿਆਂ ਸੁਚੇਤ ਰਹਿ ਕੇ ਸੁਹਿਰਦਤਾ ਨਾਲ ਪੇਸ਼ ਆਉਣ ਦੀ ਸਭ ਤੋਂ ਉਮੀਦ ਵੀ ਕਰਦਾ ਹਾਂ ।
ਆਓ ਅਸੀਂ ਸ਼ਰਧਾ ਨਾਲ ਸਹੀ ਸਿੱਖਿਆ ਅਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰੀਏ ਤੇ ਇਹ ਯਕੀਨੀ ਬਣਾਈਏ ਕਿ ਕਿਸੇ ਵੀ ਕੌਮ ਦੇ ਧਾਰਮਿਕ ਵਿਸ਼ਵਾਸਾਂ ਦਾ ਨਿਰਾਦਰ ਨਾ ਹੋਵੇ ।
ਇਸ ਦੇ ਨਾਲ ਹੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਧਰੁਵ ਰਾਠੀ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। DSGMC ਦੇ ਸਾਬਕਾ ਪ੍ਰਧਾਨ ਤੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਧਰੁਵ ਰਾਠੀ ਨੇ ਸਿੱਖ ਇਤਿਹਾਸ ਅਤੇ ਭਾਵਨਾਵਾਂ ਦਾ ਅਪਮਾਨ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਂਦੇ ਬੱਚੇ ਵਜੋਂ ਦਰਸਾਉਣਾ ਸਿੱਖ ਧਰਮ ਦੀ ਭਾਵਨਾ ਦਾ ਅਪਮਾਨ ਹੈ। ਉਸ ਵਿਰੁੱਧ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।"
ਇਸ ਤੋਂ ਇਲਾਵਾ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਇਤਿਹਾਸ ਜਾਣਨ ਲਈ ਧਰੁਵ ਰਾਠੀ ਦੇ ਏਆਈ-ਅਧਾਰਤ ਵੀਡੀਓ ਦੀ ਕੋਈ ਲੋੜ ਨਹੀਂ ਹੈ। ਧਰੁਵ ਰਾਠੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸਬੰਧਤ ਕਈ ਮਹੱਤਵਪੂਰਨ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।






















