ਹੁਣ ਗੋਬਰ ਤੋਂ ਹੋਵੇਗੀ ਕਿਸਾਨਾਂ ਨੂੰ ਕਮਾਈ, ਹਰੇਕ ਪਿੰਡ ’ਚ ਖੁੱਲ੍ਹੇਗੀ ਫ਼ੈਕਟਰੀ, ਗੋਹੇ ਤੋਂ ਬਣੇਗੀ ਪੇਂਟ
ਗਊ-ਮੱਝ ਜਿਹੇ ਜਾਨਵਰਾਂ ਦਾ ਗੋਬਰ (ਗੋਹਾ) ਕਈ ਤਰੀਕੇ ਵਰਤਿਆ ਜਾਂਦਾ ਹੈ। ਪਿੰਡਾਂ ਵਿੱਚ ਲੋਕ ਵਰਮੀ ਕੰਪੋਸਟ ਜਾਂ ਖਾਦ ਬਣਾ ਕੇ ਖੇਤਾਂ ਵਿੱਚ ਪਾਉਂਦੇ ਹਨ। ਪਾਥੀਆਂ ਵੀ ਬਣਾਈਆਂ ਜਾਂਦੀਆਂ ਹਨ ਪਰ ਫਿਰ ਵੀ ਬਹੁਤ ਵੱਡੀ ਮਾਤਰਾ ’ਚ ਗੋਬਰ ਬਰਬਾਦ ਹੋ ਜਾਂਦਾ ਹੈ।
ਨਵੀਂ ਦਿੱਲੀ: ਗਊ-ਮੱਝ ਜਿਹੇ ਜਾਨਵਰਾਂ ਦਾ ਗੋਬਰ (ਗੋਹਾ) ਕਈ ਤਰੀਕੇ ਵਰਤਿਆ ਜਾਂਦਾ ਹੈ। ਪਿੰਡਾਂ ਵਿੱਚ ਲੋਕ ਵਰਮੀ ਕੰਪੋਸਟ ਜਾਂ ਖਾਦ ਬਣਾ ਕੇ ਖੇਤਾਂ ਵਿੱਚ ਪਾਉਂਦੇ ਹਨ। ਪਾਥੀਆਂ ਵੀ ਬਣਾਈਆਂ ਜਾਂਦੀਆਂ ਹਨ ਪਰ ਫਿਰ ਵੀ ਬਹੁਤ ਵੱਡੀ ਮਾਤਰਾ ’ਚ ਗੋਬਰ ਬਰਬਾਦ ਹੋ ਜਾਂਦਾ ਹੈ। ਹੁਣ ਅਜਿਹੀ ਪੂਰੀ ਸੰਭਾਵਨਾ ਹੈ ਕਿ ਗੋਬਰ ਦੀ ਖਪਤ ਲਈ ਹੁਣ ਹਰੇਕ ਪਿੰਡ ਵਿੱਚ ਫ਼ੈਕਟਰੀ ਖੁੱਲ੍ਹੇਗੀ; ਜਿੱਥੇ ਗੋਬਰ ਤੋਂ ਪੇਂਟ ਬਣਿਆ ਕਰੇਗਾ। ਉਸ ਨੂੰ ‘ਗੋਬਰ ਪੇਂਟ’ ਕਿਹਾ ਜਾਵੇਗਾ।
ਕੇਂਦਰ ਸਰਕਾਰ ਅਜਿਹੀ ਯੋਜਨਾ ਤਿਆਰ ਕਰ ਰਹੀ ਹੈ। ਐੱਮਐੱਸਐੱਮਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਦੱਸਿਆ ਕਿ ਇੱਕ ਫ਼ੈਕਟਰੀ ਖੋਲ੍ਹਣ ’ਤੇ 15 ਲੱਖ ਰੁਪਏ ਖ਼ਰਚਾ ਆਵੇਗਾ। ਇੰਝ ਹਰੇਕ ਪਿੰਡ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਮੰਤਰੀ ਨੇ ਦੱਸਿਆ ਕਿ ਗੋਬਰ ਤੋਂ ਬਣਿਆ ਅਨੋਖਾ ਪੇਂਟ ਲਾਂਚ ਹੋਣ ਤੋਂ ਬਾਅਦ ਇਸ ਦੀ ਮੰਗ ਕਾਫ਼ੀ ਤੇਜ਼ੀ ਨਾਲ ਵਧੀ ਹੈ। ਹਾਲੇ ਜੈਪੁਰ ’ਚ ਇਸ ਦੀ ਟ੍ਰੇਨਿੰਗ ਦਾ ਇੰਤਜ਼ਾਮ ਹੈ। ਇਸ ਵੇਲੇ ਸਾਢੇ ਤਿੰਨ ਸੌ ਲੋਕ ਵੇਟਿੰਗ ਲਿਸਟ ਵਿੱਚ ਹਨ। ਇਹ ਟ੍ਰੇਨਿੰਗ ਪੰਜ ਤੋਂ ਸੱਤ ਦਿਨਾਂ ਦੀ ਹੁੰਦੀ ਹੈ।
ਨਿਤਿਨ ਗਡਕਰੀ ਨੇ ਬੀਤੀ 12 ਜਨਵਰੀ ਨੂੰ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਵੱਲੋਂ ਤਿਆਰ ਗੋਬਰ ਪੇਂਟ ਲਾਂਚ ਕੀਤਾ ਸੀ। ਇਹ ਪੇਂਟ ਪ੍ਰਦੂਸ਼ਣ ਮੁਕਤ ਹੋਵੇਗਾ; ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਹੀਂ ਹੋਵੇਗਾ। ਇਸ ਨੂੰ ਫਫੂੰਦ ਨਹੀਂ ਲੱਗੇਗੀ ਤੇ ਰੋਗਾਣੂਆਂ/ਕੀਟਾਣੂਆਂ ਨੂੰ ਦੂਰ ਰੱਖੇਗਾ। ਇਸ ਦੀ ਕੋਈ ਬੋਅ ਵੀ ਨਹੀਂ ਹੋਵੇਗਾ।
ਫ਼ਿਲਹਾਲ ਇਹ ਡਿਸਟੈਂਪਰ ਤੇ ਪਲਾਸਟਿਕ ਇਮੱਲਸ਼ਨ ਪੇਂਟ ਵਜੋਂ ਉਪਲਬਧ ਹੋਵੇਗਾ। ਇਹ ਪੇਂਟ ਸਿੱਕਾ (ਲੈੱਡ), ਪਾਰਾ, ਕ੍ਰੋਮੀਅਮ, ਆਰਸੈਨਿਕ, ਕੈਡਮੀਅਮ ਜਿਹੀਆਂ ਭਾਰੂ ਧਾਤਾਂ ਤੋਂ ਵੀ ਮੁਕਤ ਹੋਵੇਗਾ। ਇਹ ਪੇਂਟ ਵੱਡੇ ਪੱਧਰ ਉੱਤੇ ਬਣਨਾ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਕਿਸਾਨ ਹਰ ਸਾਲ 30,000 ਰੁਪਏ ਸਿਰਫ਼ ਗੋਬਰ ਵੇਚਕੇ ਕਮਾ ਸਕਣਗੇ।