ਦੇਸ਼ ਦੇ 15 ਸ਼ਹਿਰਾਂ 'ਚ ਮਿਲ ਰਿਹਾ 160 ਰੁਪਏ ਲਿਟਰ ਪੈਟਰੋਲ
ਤੇਲ ਕੀਮਤਾਂ ਲਗਾਤਰ ਵਧਦੀਆਂ ਜਾ ਰਹੀਆਂ ਹਨ ਤੇ ਇਸੇ ਦੌਰਾਨ ਹੁਣ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ’ਚ ਪੈਟਰੋਲੀਅਮ ਕੰਪਨੀ ਨੇ 160 ਰੁਪਏ ਪ੍ਰਤੀ ਲਿਟਰ ਵਾਲਾ ਨਵਾਂ ਪੈਟਰੋਲ ਲਿਆਂਦਾ ਹੈ।
ਇੰਦੌਰ: ਤੇਲ ਕੀਮਤਾਂ ਲਗਾਤਰ ਵਧਦੀਆਂ ਜਾ ਰਹੀਆਂ ਹਨ ਤੇ ਇਸੇ ਦੌਰਾਨ ਹੁਣ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ’ਚ ਪੈਟਰੋਲੀਅਮ ਕੰਪਨੀ ਨੇ 160 ਰੁਪਏ ਪ੍ਰਤੀ ਲਿਟਰ ਵਾਲਾ ਨਵਾਂ ਪੈਟਰੋਲ ਲਿਆਂਦਾ ਹੈ। ਇਸ ਨੂੰ ਇੰਦੌਰ ਦੇ ਦੋ ਪੈਟਰੋਲ ਪੰਪਾਂ ’ਤੇ ਵੇਚਿਆ ਜਾ ਰਿਹਾ ਹੈ। ਕੰਪਨੀ ਇਸ ਨਵੇਂ ਪੈਟਰੋਲ ਨੂੰ ਪ੍ਰੀਮੀਅਮ ਵਰਗ ਦਾ ਦੱਸ ਰਹੀ ਹੈ। ਸ਼ਹਿਰ ਵਿੱਚ ਕੀਮਤੀ ਗੱਡੀਆਂ ਦਾ ਸ਼ੌਕ ਰੱਖਣ ਵਾਲੇ ਲੋਕਾਂ ਨੂੰ ਇਹ ਨਵਾਂ ਪੈਟਰੋਲ ਦਿੱਤਾ ਜਾਵੇਗਾ।
ਇੰਡੀਅਨ ਆਇਲ ਕੰਪਨੀ ਨੇ XP-100 ਨਾਂ ਨਾਲ ਨਵਾਂ ਪ੍ਰੀਮੀਅਮ ਪੈਟਰੋਲ ਲਿਆਂਦਾ ਹੈ। ਕੰਪਨੀ ਅਨੁਸਾਰ ਇਸ ਨੂੰ ਪਹਿਲਾਂ ਦੇਸ਼ ਦੇ ਲਗਭਗ 15 ਸ਼ਹਿਰਾਂ ’ਚ ਉਤਾਰਿਆ ਜਾ ਚੁੱਕਾ ਹੈ। ਇਸ ਦੀ ਆਕਟੇਨ ਰੇਟਿੰਗ 100 ਦੱਸੀ ਜਾ ਰਹੀ ਹੈ। ਦੇਸ਼ ਵਿੱਚ ਇਸ ਰੇਟਿੰਗ ਵਾਲਾ ਇਹ ਇਕਲੌਤਾ ਪੈਟਰੋਲ ਹੈ। ਤੇਲ ਦੀ ਜਲਣਸ਼ੀਲਤਾ ਨੂੰ ਆਕਟੇਨ ਵਿੱਚ ਨਾਪਿਆ ਜਾਂਦਾ ਹੈ।
ਆਮ ਪੈਟਰੋਲ ਦੀ ਆਕਟੇਨ ਰੇਟਿੰਗ 87 ਤੋਂ 90 ਹੁੰਦੀ ਹੈ। ਨਵਾਂ ਪੈਟਰੋਲ ਵੇਚ ਰਹੇ ‘ਵ੍ਰਿੰਦਾਵਨ ਫ਼ਿਊਏਲ’ ਦੇ ਸੰਚਾਲਕ ਅਨੁਰਾਗ ਭੱਲਾ ਮੁਤਾਬਕ ਨਵੇਂ ਪੈਟਰੋਲ ਨਾਲ ਮਹਿੰਗੀਆਂ ਗੱਡੀਆਂ ਦੀ ਕਾਰਗੁਜ਼ਾਰੀ ਵਧੀਆ ਹੋਵੇਗੀ ਤੇ ਇੰਜਣ ਵੀ ਵਧੀਆ ਰਹੇਗਾ। ਸ਼ਹਿਰ ਵਿੱਚ ਕਈ ਲੋਕ ਕਰੋੜਾਂ ਦੀ ਕਾਰ ਤੇ ਲੱਖਾਂ ਦੀ ਬਾਈਕਸ ਚਲਾ ਰਹੇ ਹਨ। ਨਵਾਂ ਪੈਟਰੋਲ ਉਨ੍ਹਾਂ ਲਈ ਹੀ ਹੈ।