ਕੋਵਿਡ ਪਾਬੰਦੀਆਂ ਦੇ ਬਾਵਜੂਦ ਜੁਲਾਈ ’ਚ 40,000 ਪ੍ਰਵਾਸੀ ਪੁੱਜੇ ਕੈਨੇਡਾ, 2021 ’ਚ ਮਿਲਣੇ 4.01 ਲੱਖ ਵੀਜ਼ੇ
ਕੈਨੇਡਾ ਨੇ ਇਸ ਵਰ੍ਹੇ 2021-23 ਦੌਰਾਨ ਕੁੱਲ 4.01 ਲੱਖ ਪ੍ਰਵਾਸੀਆਂ ਨੂੰ ਵੀਜ਼ੇ ਜਾਰੀ ਕਰਨੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 1.84 ਲੱਖ ਵਿਦੇਸ਼ੀ ਇਸ ਦੇਸ਼ ’ਚ ਆ ਚੁੱਕੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਕੈਨੇਡਾ ਨੇ ਇਸ ਵਰ੍ਹੇ 2021-23 ਦੌਰਾਨ ਕੁੱਲ 4.01 ਲੱਖ ਪ੍ਰਵਾਸੀਆਂ ਨੂੰ ਵੀਜ਼ੇ ਜਾਰੀ ਕਰਨੇ ਹਨ, ਜਿਨ੍ਹਾਂ ਵਿੱਚੋਂ ਹੁਣ ਤੱਕ 1.84 ਲੱਖ ਵਿਦੇਸ਼ੀ ਇਸ ਦੇਸ਼ ’ਚ ਆ ਚੁੱਕੇ ਹਨ। ਲੰਘੇ ਜੁਲਾਈ ਮਹੀਨੇ ਦੌਰਾਨ ਕੋਵਿਡ-19 ਦੀਆਂ ਪਾਬੰਦੀਆਂ ਦੇ ਬਾਵਜੂਦ 39,500 ਨਵੇਂ ਪ੍ਰਵਾਸੀ ਆਏ ਹਨ। ਉਸ ਤੋਂ ਪਿਛਲੇ ਜੂਨ ਮਹੀਨੇ 35,700 ਪ੍ਰਵਾਸੀ ਕੈਨੇਡਾ ਪੁੱਜੇ ਸਨ।
ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲਣ ਤੋਂ ਪਹਿਲਾਂ 3.41 ਲੱਖ ਪ੍ਰਵਾਸੀ ਹਰ ਸਾਲ ਕੈਨੇਡਾ ਆ ਕੇ ਵੱਸਦੇ ਸਨ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹੁਣ ਜਿੰਨੀ ਗਿਣਤੀ ਵਿੱਚ ਪ੍ਰਵਾਸੀ ਦੇਸ਼ ’ਚ ਆ ਰਹੇ ਹਨ, ਉਹ ਅੰਕੜਾ ਵੀ ਇਤਿਹਾਸਕ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਇੰਨੇ ਜ਼ਿਆਦਾ ਪ੍ਰਵਾਸੀ ਇੱਕੋ ਮਹੀਨੇ ਅੰਦਰ ਕੈਨੇਡਾ ਰਹਿਣ ਜਾਂ ਕੰਮ ਕਰਨ ਲਈ ਨਹੀਂ ਪੁੱਜੇ।
ਸਾਲ 2021 ਦੇ ਬਾਕੀ ਦੇ ਸਾਢੇ ਚਾਰ ਮਹੀਨਿਆਂ ਦੌਰਾਨ 2.17 ਲੱਖ ਪ੍ਰਵਾਸੀਆਂ ਦੇ ਕੈਨੇਡਾ ਆਉਣ ਦੀ ਆਸ ਹੈ; ਜਿਸ ਦਾ ਮਤਲਬ ਹੈ ਕਿ ਔਸਤਨ ਲਗਪਗ 43,400 ਪ੍ਰਵਾਸੀ ਹਰ ਮਹੀਨੇ ਆਉਣਗੇ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇਹ ਗਿਣਤੀ 25 ਹਜ਼ਾਰ ਤੋਂ 35 ਹਜ਼ਾਰ ਤੱਕ ਹੁੰਦੀ ਸੀ।
ਭਾਰਤ ਨੂੰ ਛੱਡ ਕੇ ਬਾਕੀ ਬਹੁਤ ਸਾਰੇ ਦੇਸ਼ਾਂ ਦੀਆਂ ਉਡਾਣਾਂ ਨੂੰ ਹੁਣ ਕੈਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸੇ ਲਈ ਹੁਣ ਕੈਨੇਡਾ ’ਚ ਵੱਸਦੇ ਬਹੁਤ ਸਾਰੇ ਭਾਰਤੀਆਂ ਨੇ ਇਸ ਨੂੰ ਕੈਨੇਡਾ ਸਰਕਾਰ ਦੀ ‘ਪੱਖਪਾਤੀ ਕਾਰਵਾਈ’ ਵੀ ਕਰਾਰ ਦਿੱਤਾ ਹੈ।
ਬੀਤੇ ਮਈ ਮਹੀਨੇ 90,000 ਕੌਮਾਂਤਰੀ ਵਿਦਿਆਰਥੀਆਂ ਅਤੇ ਕੈਨੇਡਾ ’ਚ ਰਹਿੰਦੇ ਕੁਝ ਜ਼ਰੂਰੀ ਖੇਤਰਾਂ ਦੇ ਕਾਮਿਆਂ ਲਈ ਪਰਮਾਨੈਂਟ ਰੈਜ਼ੀਡੈਂਸੀ (PR) ਦੀਆਂ ਛੇ ਨਵੀਂਆਂ ਸਟ੍ਰੀਮਜ਼ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਰ੍ਹੇ ਦੇ ਅੰਤ ਤੱਕ ਅਜਿਹੀਆਂ 40,000 ਅਰਜ਼ੀਆਂ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਜਾਵੇਗੀ।
ਹਾਲੇ ਵੀ ਕੋਰੋਨਾ ਵਾਇਰਸ ਮਹਾਮਾਰੀ ਦੇ ਨਵੇਂ-ਨਵੇਂ ਵੇਰੀਐਂਟਸ ਦਾ ਖ਼ਤਰਾ ਟਲ਼ਿਆ ਨਹੀਂ ਹੈ, ਇਸੇ ਲਈ ਸਰਕਾਰੀ ਅਧਿਕਾਰੀ ਹੁਣ ਕੁਝ ਵੀ ਗਰੰਟੀ ਨਾਲ ਨਹੀਂ ਆਖ ਰਹੇ ਕਿ ਅਜਿਹਾ ਹਰ ਹਾਲਤ ’ਚ ਹੋ ਜਾਵੇਗਾ। ਕੋਵਿਡ ਪਾਬੰਦੀਆਂ ਕਾਰਣ ਕਦੇ ਵੀ ਕੁਝ ਵੀ ਵਾਪਰ ਸਕਦਾ ਹੈ।