Accident on Highway: ਧੂੰਏਂ ਦੇ ਕਹਿਰ 'ਚ ਕੁਝ ਵੀ ਨਾ ਦਿੱਸਿਆ, ਅੱਧੀ ਦਰਜਨ ਵਾਹਨ ਆਪਸ 'ਚ ਠੁਕਰਾਏ
ਚਸ਼ਮਦੀਦਾਂ ਮੁਤਾਬਕ ਸੜਕ ਹਾਦਸੇ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਇੱਕ ਚਮਤਕਾਰ ਹੈ ਕਿ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ।
ਨਵੀਂ ਦਿੱਲੀ: ਦੀਵਾਲੀ ਤੋਂ ਬਾਅਦ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ। ਦਿੱਲੀ ਤੇ ਆਲੇ-ਦੁਆਲੇ ਧੂੰਏਂ ਦੀ ਸਫੈਦ ਚਾਦਰ ਵਿਛ ਗਈ ਹੈ। ਇਸ ਪ੍ਰਦੂਸ਼ਣ ਕਾਰਨ ਫੈਲੇ ਧੂੰਏਂ ਕਰਕੇ ਅੱਜ ਸਵੇਰੇ ਦਿੱਲੀ ਨੇੜੇ ਹਾਈਵੇਅ ’ਤੇ ਅੱਧੀ ਦਰਜਨ ਦੇ ਕਰੀਬ ਵਾਹਨ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਇੱਕ ਆਦਮੀ ਤੇ ਇੱਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਸਲ ਰਿਪੋਰਟਾਂ ਮੁਤਾਬਕ ਇੱਕ ਤੇਜ਼ ਰਫ਼ਤਾਰ ਆਈ-20 ਕਾਰ ਖ਼ਰਾਬ ਮੌਸਮ ਕਾਰਨ ਟਰੱਕ ਨਾਲ ਟਕਰਾ ਗਈ। ਇਸ ਕਾਰਨ ਕੁਝ ਹੀ ਸਕਿੰਟਾਂ ਵਿੱਚ ਛੇ ਕਾਰਾਂ ਇੱਕ-ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਛੇ ਲੋਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਫਰੀਦਾਬਾਦ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਟਰੱਕ ਨਾਲ ਟਕਰਾਉਣ ਵਾਲੀ ਆਈ-20 ਕਾਰ 'ਚ ਸਵਾਰ ਚੰਦਨ ਕੁਮਾਰ ਤੇ ਉਸ ਦੀ ਪਤਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੇ ਦੋ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਚਸ਼ਮਦੀਦਾਂ ਮੁਤਾਬਕ ਸੜਕ ਹਾਦਸੇ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਇਹ ਚਮਤਕਾਰ ਹੀ ਹੈ ਕਿ ਭਿਆਨਕ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਪੁਲਿਸ ਮੁਤਾਬਕ ਦੋ ਟਰੱਕ, ਇੱਕ ਸਵਿਫਟ, ਇੱਕ ਇਨੋਵਾ ਤੇ ਇੱਕ ਆਈ-20 ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਆਵਾਜਾਈ ਵਿੱਚ ਵਿਘਨ ਪੈਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਕਾਰਾਂ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਅਨੁਸਾਰ ਵਿਜ਼ੀਬਿਲਟੀ ਘੱਟ ਹੋਣ ਕਾਰਨ ਹੋਰ ਡਰਾਈਵਰਾਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਦੀਵਾਲੀ ਦੇ ਅਗਲੇ ਦਿਨ ਹੀ ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸ ਦੇ ਆਸਪਾਸ ਦੇ ਇਲਾਕਿਆਂ ਦਾ ਪ੍ਰਦੂਸ਼ਣ ਕਾਰਨ ਬੁਰਾ ਹਾਲ ਦੇਖਣ ਨੂੰ ਮਿਲਿਆ। ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਪਟਾਕਿਆਂ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਦੀਵਾਲੀ ਮੌਕੇ ਕਈ ਥਾਵਾਂ 'ਤੇ ਆਤਿਸ਼ਬਾਜ਼ੀ ਦੇਖੀ ਗਈ। ਪ੍ਰਦੂਸ਼ਣ ਰੋਕਣ ਲਈ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋਈਆਂ। ਦੀਵਾਲੀ ਦੇ ਅਗਲੇ ਦਿਨ ਯਾਨੀ ਸ਼ੁੱਕਰਵਾਰ ਸਵੇਰੇ ਰਾਜਧਾਨੀ ਦੀ ਹਵਾ ਦੀ ਗੁਣਵੱਤਾ 'ਖਤਰਨਾਕ' ਸਥਿਤੀ 'ਤੇ ਪਹੁੰਚ ਗਈ ਤੇ ਅਸਮਾਨ 'ਚ ਧੁੰਦ ਦੀ ਸੰਘਣੀ ਚਾਦਰ ਦੇਖੀ ਗਈ।
ਇਹ ਵੀ ਪੜ੍ਹੋ: Indian Oil Corporation: ਇੰਡੀਅਨ ਆਇਲ ਦੇਸ਼ 'ਚ ਖੋਲ੍ਹੇਗਾ 10,000 ਈਵੀ ਚਾਰਜਿੰਗ ਸਟੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: