ਬੁਲੰਦ ਹੌਸਲੇ! ਜੇਲ੍ਹ 'ਚੋਂ ਆਉਣ ਮਗਰੋਂ 70 ਸਾਲਾ ਸਾਬਕਾ ਫੌਜੀ ਮੁੜ ਅੰਦੋਲਨ 'ਚ ਡਟਣ ਲਈ ਤਿਆਰ
70 ਸਾਲਾ ਸਾਬਕਾ ਫੌਜੀ ਜੀਤ ਸਿੰਘ ਤਿਹਾੜ ਜੇਲ੍ਹ ਵਿੱਚ ਸੋਲ੍ਹਾਂ ਦਿਨ ਬਿਤਾਉਣ ਮਗਰੋਂ ਮੁੜ ਦਿੱਲੀ ਬਾਰਡਰ 'ਤੇ ਡਟਣ ਲਈ ਤਿਆਰ ਹੈ।
ਰਮਨਦੀਪ ਕੌਰ ਰਿਪੋਰਟ
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਢਾਈ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਵੀ ਕਿਸਾਨ ਅੰਦੋਲਨ 'ਚ ਮੁੜ ਡਟ ਰਹੇ ਹਨ। ਯਾਨੀ ਜੇਲ੍ਹ ਦਾ ਡਰ ਵੀ ਉਨ੍ਹਾਂ ਦੇ ਪੈਰ ਨਹੀਂ ਉਖਾੜ ਸਕਿਆ। 70 ਸਾਲਾ ਸਾਬਕਾ ਫੌਜੀ ਜੀਤ ਸਿੰਘ ਤਿਹਾੜ ਜੇਲ੍ਹ ਵਿੱਚ ਸੋਲ੍ਹਾਂ ਦਿਨ ਬਿਤਾਉਣ ਮਗਰੋਂ ਮੁੜ ਦਿੱਲੀ ਬਾਰਡਰ 'ਤੇ ਡਟਣ ਲਈ ਤਿਆਰ ਹੈ।
ਉਨ੍ਹਾਂ ਨੂੰ 28 ਜਨਵਰੀ ਨੂੰ ਹਿਰਾਸਤ 'ਚ ਲਿਆ ਗਿਆ ਸੀ। ਜਦੋਂ ਉਹ ਐਤਵਾਰ ਸਵੇਰੇ ਖਨੌਰੀ ਕਸਬਾ ਵਿਖੇ ਆਪਣੇ ਘਰ ਪਹੁੰਚਿਆ, ਤਾਂ ਉਸ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ 'ਚ ਦੁਬਾਰਾ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ, “28 ਜਨਵਰੀ ਦੀ ਸ਼ਾਮ ਨੂੰ ਮੇਰੇ ਸਮੇਤ ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਗੱਡੀ 'ਚ ਲਿਜਾਇਆ ਗਿਆ। ਮੈਨੂੰ ਪਜਾਮਾ ਤਕ ਨਾ ਪਾਉਣ ਦਿੱਤਾ ਗਿਆ ਤੇ ਕਛਹਿਰੇ 'ਚ ਹੀ ਥਾਣੇ ਲਿਜਾਇਆ ਗਿਆ। ਕੀ ਇਹ ਇਕ ਸਾਬਕਾ ਫੌਜੀ ਨਾਲ ਪੇਸ਼ ਆਉਣ ਦਾ ਤਰੀਕਾ ਹੈ?'
ਜੀਤ ਸਿੰਘ ਕੋਲ ਇਕ ਏਕੜ ਜ਼ਮੀਨ ਹੈ। ਇਸ ਤੋਂ ਪਹਿਲਾਂ, ਉਹ ਰੋਹਤਕ ਦੇ ਬਾਨੀਆਣੀ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਇੱਕ "ਗ੍ਰੰਥੀ" ਵਜੋਂ ਕੰਮ ਕਰਦਾ ਸੀ। ਜੋ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜੱਦੀ ਪਿੰਡ ਸੀ। ਉਨ੍ਹਾਂ ਕਿਹਾ 'ਜੇਕਰ ਸਾਡੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਸਾਨੂੰ ਸ਼ਾਂਤੀਪੂਰਵਕ ਵਿਰੋਧ ਕਰਨ ਦਾ ਅਧਿਕਾਰ ਹੈ। ਜੀਤ ਸਿੰਘ ਨੇ ਕਿਹਾ ਤਿੰਨ ਕਾਨੂੰਨ ਖੇਤੀ ਨੂੰ ਬਰਬਾਦ ਕਰ ਦੇਣਗੇ ਤੇ ਇਹ ਸਾਰੇ ਕਿਸਾਨਾਂ ਨਾਲ ਬੇਇਨਸਾਫੀ ਹੈ। ਮੈਂ ਵਿਰੋਧ ਵਿੱਚ ਦੁਬਾਰਾ ਸ਼ਾਮਲ ਹੋਵਾਂਗਾ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਹੈ।'