AAP ਤੇ ਭਾਜਪਾ ਵਿਧਾਇਕ ਹੋਏ ਇੱਕਜੁੱਟ, ਦੋਵਾਂ ਨੇ ਮਿਲ ਕੇ ਪਾਸ ਕੀਤਾ ਇਹ ਬਿੱਲ
ਪ੍ਰਸਤਾਵ ਮੁਤਾਬਕ CM ਤੇ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ, ਚੀਫ਼ ਵ੍ਹਿਪ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਵੇਲੇ 72,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜੋ ਵਧ ਕੇ 170,000 ਹੋ ਗਈ। ਵਿਧਾਇਕਾਂ ਦੀ ਤਨਖਾਹ 54,000 ਤੋਂ 90,000 ਹੋ ਗਈ
ਨਵੀਂ ਦਿੱਲੀ: ਮੁੱਖ ਮੰਤਰੀ ਦੀ ਤਨਖ਼ਾਹ ਅਤੇ ਵਿਧਾਇਕਾਂ ਦੇ ਭੱਤੇ ਵਧਾਉਣ ਲਈ ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਵਿੱਚ ਇੱਕ ਸੋਧ ਬਿੱਲ ਪਾਸ ਕੀਤਾ ਗਿਆ ਹੈ । ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਦੇ ਵਿਧਾਇਕ, ਜੋ ਸਾਰੇ ਮੁੱਦਿਆਂ 'ਤੇ ਇਕ-ਦੂਜੇ ਦੇ ਖਿਲਾਫ ਖੜ੍ਹੇ ਹੁੰਦੇ ਹਨ, ਇਸ ਮੁੱਦੇ 'ਤੇ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ।
ਚਰਚਾ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੇ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਿੱਚ ਵਾਧੇ ਨੂੰ ਬਹੁਤ ਘੱਟ ਦੱਸਦਿਆਂ ਇਸ ਦਾ ਸਮਰਥਨ ਕੀਤਾ । ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਇਸ ਲਈ ਟੈਕਸਦਾਤਾਵਾਂ ਦਾ ਧੰਨਵਾਦ ਕੀਤਾ ।
ਦਿੱਲੀ ਵਿਧਾਨ ਸਭਾ ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਦੀ ਤਨਖਾਹ ਅਤੇ ਭੱਤਿਆਂ ਵਿੱਚ 66 ਫੀਸਦੀ ਤੋਂ ਵੱਧ ਵਾਧੇ ਨਾਲ ਸਬੰਧਤ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ । ਮੰਤਰੀਆਂ, ਵਿਧਾਇਕਾਂ, ਚੀਫ਼ ਵ੍ਹਿਪ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾ ਦੀਆਂ ਤਨਖ਼ਾਹਾਂ ਵਿੱਚ ਵਾਧੇ ਸਬੰਧੀ ਪੰਜ ਵੱਖ-ਵੱਖ ਬਿੱਲ ਸਦਨ ਵਿੱਚ ਪੇਸ਼ ਕੀਤੇ ਗਏ ਅਤੇ ਮੈਂਬਰਾਂ ਵੱਲੋਂ ਪਾਸ ਕੀਤੇ ਗਏ । ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਵਧਦੀ ਮਹਿੰਗਾਈ ਅਤੇ ਵਿਧਾਇਕਾਂ ਵੱਲੋਂ ਕੀਤੇ ਕੰਮਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ।
ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ 'ਚ ਅੱਜ ਵਿਧਾਇਕਾਂ, ਮੰਤਰੀਆਂ, ਸਪੀਕਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੀ ਤਨਖਾਹ ਵਧਾਉਣ ਦਾ ਬਿੱਲ ਪਾਸ ਕਰ ਦਿੱਤਾ ਗਿਆ ਹੈ। ਪ੍ਰਸਤਾਵ ਮੁਤਾਬਕ ਮੁੱਖ ਮੰਤਰੀ ਅਤੇ ਮੰਤਰੀਆਂ, ਸਪੀਕਰ, ਡਿਪਟੀ ਸਪੀਕਰ, ਚੀਫ਼ ਵ੍ਹਿਪ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਇਸ ਵੇਲੇ 72,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ, ਜੋ ਹੁਣ ਵਧ ਕੇ 170,000 ਹੋ ਜਾਵੇਗੀ। ਇਸ ਦੇ ਨਾਲ ਹੀ ਵਿਧਾਇਕਾਂ ਦੀ ਤਨਖਾਹ 54,000 ਤੋਂ ਵਧ ਕੇ 90,000 ਹੋ ਜਾਵੇਗੀ।