Lakhbir Landa: ਆਖਰ ਕੌਣ ਹੈ ਲਖਬੀਰ ਲੰਡਾ? ਕੈਨੇਡਾ ਤੋਂ ਲੈ ਕੇ ਭਾਰਤ ਤੱਕ ਦਹਿਸ਼ਤ
Who is Lakhbir Singh Landa: 34 ਸਾਲਾ ਲੰਡਾ ਨੇ ਬੀ. ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਖ਼ਿਲਾਫ਼ ਪਹਿਲਾ ਅਪਰਾਧਕ ਮਾਮਲਾ ਗਲੀ ਵਿੱਚ ਵਿਰੋਧੀ ਧੜੇ ਦੇ ਨੌਜਵਾਨਾਂ ਨਾਲ ਲੜਾਈ ਕਰਨ ਸਬੰਧੀ ਦਰਜ ਹੋਇਆ ਸੀ।
Who is Lakhbir Singh Landa: ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨ ਅੱਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ ਖ਼ਿਲਾਫ਼ 33 ਗੰਭੀਰ ਮਾਮਲੇ ਦਰਜ ਹਨ। 34 ਸਾਲਾ ਲੰਡਾ ਨੇ ਬੀ. ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ। ਉਸ ਖ਼ਿਲਾਫ਼ ਪਹਿਲਾ ਅਪਰਾਧਕ ਮਾਮਲਾ ਗਲੀ ਵਿੱਚ ਵਿਰੋਧੀ ਧੜੇ ਦੇ ਨੌਜਵਾਨਾਂ ਨਾਲ ਲੜਾਈ ਕਰਨ ਸਬੰਧੀ ਦਰਜ ਹੋਇਆ ਸੀ।
ਇਸ ਤੋਂ ਬਾਅਦ ਹੌਲੀ ਹੌਲੀ ਉਹ ਵੱਡੀ ਗਿਣਤੀ ਗੈਂਗਸਟਰਾਂ ਤੇ ਹੋਰ ਅਪਰਾਧੀਆਂ ਦੇ ਸੰਪਰਕ ਵਿੱਚ ਆਇਆ। ਲੰਡਾ ਦਾ ਪੰਜਾਬ ਵਿੱਚ ਅਪਰਾਧਕ ਘੇਰਾ ਇੰਨਾ ਵਿਸ਼ਾਲ ਹੋ ਚੁੱਕਾ ਹੈ ਕਿ ਹੁਣ ਤੱਕ ਪੰਜਾਬ ਪੁਲਿਸ ਉਸ ਦੇ ਗਰੋਹ ਨਾਲ ਸਬੰਧਤ 71 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਗਰੋਹ ਛੋਟੇ ਹਥਿਆਰਾਂ ਤੋਂ ਲੈ ਕੇ ਰਾਕੇਟ ਲਾਂਚਰ ਤੱਕ ਦੀ ਤਸਕਰੀ ਕਰਦਾ ਹੈ।
ਏਜੰਸੀਆਂ ਮੁਤਾਬਕ ਉਹ ਆਪਣੇ ਸਾਥੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਨਾਲ ਰਲ ਕੇ ਨਸ਼ਾ ਤਸਕਰੀ ਦਾ ਕਾਰੋਬਾਰ ਚਲਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਲੰਡਾ ਵੱਲੋਂ ਕੀਤੇ ਗਏ ਹਮਲਿਆਂ ਵਿੱਚ 9 ਮਈ 2022 ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਹੈੱਡਕੁਆਰਟਰ ’ਤੇ ਆਰਪੀਜੀ ਹਮਲਾ, 16 ਅਗਸਤ 2022 ਨੂੰ ਅੰਮ੍ਰਿਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਆਈਈਡੀ ਲਾਉਣਾ, 11 ਅਕਤੂਬਰ 2022 ਨੂੰ ਤਰਨ ਤਾਰਨ ਵਿੱਚ ਇੱਕ ਕੱਪੜਾ ਵਪਾਰੀ ਦੀ ਹੱਤਿਆ, 10 ਦਸੰਬਰ 2022 ਨੂੰ ਤਰਨ ਤਾਰਨ ਸਥਿਤ ਸਰਹਾਲੀ ਕਲਾਂ ਥਾਣੇ ’ਤੇ ਆਰਪੀਜੀ ਹਮਲਾ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ 4 ਅਗਸਤ 2022 ਨੂੰ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਆਈਈਡੀ ਸਣੇ ਉਸ ਦੇ ਦੋ ਸਾਥੀ ਫੜੇ ਗਏ ਸਨ ਤੇ ਪੰਜਾਬ ਪੁਲਿਸ ਨੇ ਲੰਡਾ ਤੇ ਸਤਬੀਰ ਧੜੇ ਦੇ 15 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅਗਸਤ 2023 ਵਿੱਚ ਲੰਡਾ ਦੀ ਜਾਇਦਾਦ ਜ਼ਬਤ ਕਰਨ ਤੇ ਸਤੰਬਰ ਮਹੀਨੇ ਵਿੱਚ ਲੰਡਾ ’ਤੇ ਦਸ ਲੱਖ ਰੁਪਏ ਅਤੇ ਉਸ ਦੇ ਸਾਥੀਆਂ ’ਤੇ ਪੰਜ ਲੱਖ ਰੁਪਏ ਦਾ ਇਨਾਮ ਦਾ ਐਲਾਨ ਕੀਤਾ ਸੀ।