ਹਿਮਾਚਲ ਤੋਂ ਬਾਅਦ ਹੁਣ ਕੇਜਰੀਵਾਲ ਦੀ ਹਰਿਆਣਾ ਵੱਲ ਕੂਚ, ਕਰਨਗੇ 'ਮੇਕ ਇੰਡੀਆ ਨੰਬਰ 1' ਦੀ ਸ਼ੁਰੂਆਤ ਤੇ ਕਰਨਗੇ ਸੋਨਾਲੀ ਫੋਗਾਟ ਦੀ ਬੇਟੀ ਨਾਲ ਮੁਲਾਕਾਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 7 ਅਤੇ 8 ਸਤੰਬਰ ਨੂੰ ਹਿਸਾਰ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ। ਕੇਜਰੀਵਾਲ ਹਿਸਾਰ ਤੋਂ ਪਾਰਟੀ ਦੀ 'ਮੇਕ ਇੰਡੀਆ ਨੰਬਰ 1' ਮੁਹਿੰਮ ਦੀ ਸ਼ੁਰੂਆਤ ਕਰਨਗੇ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਹਿਸਾਰ ਦੌਰੇ 'ਤੇ ਹਨ। ਉਨ੍ਹਾਂ ਦਾ ਦੌਰਾ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੋਵੇਂ ਮੁੱਖ ਮੰਤਰੀ ਪੰਜਾਬ ਚੋਣਾਂ ਤੋਂ ਬਾਅਦ ਪਹਿਲੀ ਵਾਰ ਹਰਿਆਣਾ ਆ ਰਹੇ ਹਨ।
ਦੱਸ ਦਈਏ ਕਿ ਕੇਜਰੀਵਾਲ ਪਾਰਟੀ ਦੀ 'ਮੇਕ ਇੰਡੀਆ ਨੰਬਰ 1' ਮੁਹਿੰਮ ਦੀ ਸ਼ੁਰੂਆਤ ਹਿਸਾਰ ਤੋਂ ਕਰਨਗੇ। ਹਾਸਲ ਜਾਣਕਾਰੀ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਪ੍ਰੇਰਿਤ ਕਰਨਾ ਅਤੇ ਇਸ ਦੇ ਸਰੋਤਾਂ ਅਤੇ ਪ੍ਰਤਿਭਾ ਨੂੰ ਦੇਖਦੇ ਹੋਏ ਦੇਸ਼ ਨੂੰ ਵਿਸ਼ਵ ਪੱਧਰ 'ਤੇ ਨੇਤਾ ਬਣਾਉਣ ਲਈ ਕੰਮ ਕਰਨਾ ਹੈ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਮਹੀਨੇ ਮੇਕ ਇੰਡੀਆ ਨੰਬਰ 1 ਮੁਹਿੰਮ ਦਾ ਐਲਾਨ ਕੀਤਾ ਸੀ, ਪਰ ਇਸ ਨੂੰ ਸ਼ੁਰੂ ਕਰਨ ਲਈ ਹਰਿਆਣਾ ਨੂੰ ਚੁਣਿਆ ਸੀ। ਇਸ ਮੁਹਿੰਮ ਤਹਿਤ ਕੇਜਰੀਵਾਲ ਟਾਊਨ ਹਾਲ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ 8 ਸਤੰਬਰ ਨੂੰ ਦੋਵੇਂ ਮੁੱਖ ਮੰਤਰੀ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ ਤਿਰੰਗਾ ਰੈਲੀ ਵਿੱਚ ਸ਼ਿਰਕਤ ਕਰਨਗੇ।
ਸੀਐਮ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਸ਼ਾਮ 5 ਵਜੇ ਸੋਨਾਲੀ ਫੋਗਾਟ ਦੇ ਘਰ ਜਾ ਕੇ ਸ਼ੋਕ ਪ੍ਰਗਟ ਕਰਨਗੇ, ਉਨ੍ਹਾਂ ਦੀ ਬੇਟੀ ਯਸ਼ੋਧਰਾ ਅਤੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਆਦਮਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਸੋਨਾਲੀ ਫੋਗਾਟ ਨੇ ਆਦਮਪੁਰ ਤੋਂ ਹੀ ਚੋਣ ਲੜੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :