Air India ਦੇ ਪਲੇਨ 'ਚ ਫਿਰ ਪਿਸ਼ਾਬ ਕਾਂਡ, ਨਸ਼ੇ 'ਚ ਧੁੱਤ ਯਾਤਰੀ ਨੇ ਦੂਜੇ ਯਾਤਰੀ 'ਤੇ ਕੀਤਾ ਪਿਸ਼ਾਬ, ਜਾਣੋ ਕੀ ਹੋਵੇਗਾ ਐਕਸ਼ਨ
Air India: ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਚਾਲਕ ਦਲ ਨੇ ਸਾਰੀਆਂ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਦਿੱਤੀ ਗਈ। ਕੇਂਦਰੀ ਮੰਤਰੀ ਨੇ ਕਾਰਵਾਈ ਕਰਨ ਦੀ ਗੱਲ ਕੀਤੀ ਹੈ।

Air India: ਦਿੱਲੀ ਤੋਂ ਬੈਂਕਾਕ ਜਾ ਰਹੀ ਏਅਰ ਇੰਡੀਆ (Air India) ਦੀ ਉਡਾਣ ਵਿੱਚ ਇੱਕ ਯਾਤਰੀ ਨੇ ਦੂਜੇ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। ਸਮਾਚਾਰ ਏਜੰਸੀ ANI ਦੀ ਰਿਪੋਰਟ ਦੇ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਮੰਤਰਾਲਾ ਇਸ ਘਟਨਾ ਦਾ ਨੋਟਿਸ ਲਵੇਗਾ ਅਤੇ ਹਵਾਬਾਜ਼ੀ ਕੰਪਨੀ ਨਾਲ ਗੱਲ ਕਰੇਗਾ। ਏਅਰ ਇੰਡੀਆ ਦੀ ਫਲਾਈਟ AI 2336 ਦੇ ਬਿਜ਼ਨਸ ਕਲਾਸ ਵਿੱਚ ਇੱਕ ਪੁਰਸ਼ ਯਾਤਰੀ ਨੇ ਇੱਕ ਨਿੱਜੀ ਕੰਪਨੀ ਦੇ ਅਧਿਕਾਰੀ 'ਤੇ ਪਿਸ਼ਾਬ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਿਸ਼ਾਬ ਕਰਨ ਵਾਲਾ ਵਿਅਕਤੀ ਸ਼ਰਾਬੀ ਸੀ।
ਪੀੜਤ ਨੇ ਸ਼ਿਕਾਇਤ ਕਰਵਾਉਣ ਤੋਂ ਕੀਤਾ ਇਨਕਾਰ
ਇਸ ਘਟਨਾ ਦੀ ਪੁਸ਼ਟੀ ਏਅਰ ਇੰਡੀਆ ਨੇ ਕੀਤੀ ਹੈ। ਚਾਲਕ ਦਲ ਦੇ ਮੈਂਬਰਾਂ ਨੇ ਪੀੜਤ ਯਾਤਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਹ ਘਟਨਾ ਫਲਾਈਟ ਦੇ ਬੈਂਕਾਕ ਵਿੱਚ ਉਤਰਨ ਤੋਂ ਪਹਿਲਾਂ ਵਾਪਰੀ। ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਵੀ ਏਅਰ ਇੰਡੀਆ (Air India) ਦੀ ਇੱਕ ਉਡਾਣ ਵਿੱਚ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।
Air India ਨੇ ਕਮੇਟੀ ਬਣਾਉਣ ਦੀ ਕੀਤੀ ਗੱਲ
ਏਅਰ ਇੰਡੀਆ (Air India) ਦੇ ਬੁਲਾਰੇ ਨੇ ਕਿਹਾ, "ਚਾਲਕਾਂ ਨੇ ਸਾਰੀਆਂ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਘਟਨਾ ਦਾ ਮੁਲਾਂਕਣ ਕਰਨ ਅਤੇ ਯਾਤਰੀ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕਰਨ ਲਈ ਇੱਕ ਸੁਤੰਤਰ ਕਮੇਟੀ ਬੁਲਾਈ ਜਾਵੇਗੀ। ਏਅਰ ਇੰਡੀਆ ਅਜਿਹੇ ਮਾਮਲਿਆਂ ਵਿੱਚ ਡੀਜੀਸੀਏ ਦੁਆਰਾ ਨਿਰਧਾਰਤ ਐਸਓਪੀ ਦੀ ਪਾਲਣਾ ਕਰਨਾ ਜਾਰੀ ਰੱਖਦੀ ਹੈ।"
ਨਵੰਬਰ 2022 ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਉਡਾਣ ਵਿੱਚ ਸ਼ੰਕਰ ਮਿਸ਼ਰਾ ਨਾਮ ਦੇ ਇੱਕ ਯਾਤਰੀ ਨੇ ਇੱਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ, 6 ਜਨਵਰੀ, 2023 ਨੂੰ ਦੋਸ਼ੀ ਸ਼ੰਕਰ ਮਿਸ਼ਰਾ ਨੂੰ 6 ਜਨਵਰੀ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਹਾਲਾਂਕਿ, ਬਾਅਦ ਵਿੱਚ ਅਦਾਲਤ ਨੇ 31 ਜਨਵਰੀ 2023 ਨੂੰ ਜ਼ਮਾਨਤ ਦੇ ਦਿੱਤੀ।




















