ਦੇਸ਼ ਦੇ ਸਾਰੇ ਸੂਬੇ ‘ਬਲੈਕ ਫ਼ੰਗਸ’ ਨੂੰ ‘ਮਹਾਮਾਰੀ’ ਐਲਾਨਣ: ਕੇਂਦਰ ਸਰਕਾਰ ਦੀ ਹਦਾਇਤ
ਪਿਛਲੇ ਕੁਝ ਸਮੇਂ ਤੋਂ ‘ਬਲੈਕ ਫ਼ੰਗਸ’ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਰੋਗ ਉਨ੍ਹਾਂ ਨੂੰ ਵਧੇਰੇ ਹੋ ਰਿਹਾ ਹੈ, ਜਿਹੜੇ ਕੋਵਿਡ-19 ਤੋਂ ਪੀੜਤ ਹਨ ਤੇ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ‘ਇਮਿਊਨਿਟੀ’ ਜਾਂ ‘ਰੋਗ ਪ੍ਰਤੀਰੋਧਕ’ ਸ਼ਕਤੀ ਬਹੁਤ ਘੱਟ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਉਹ ‘ਮਿਊਕਰਮਾਇਕੌਸਿਸ’ (Mucormycosis) ਭਾਵ ‘ਬਲੈਕ ਫ਼ੰਗਸ’ ਨੂੰ ਇੱਕ ‘ਮਹਾਮਾਰੀ’ ਐਲਾਨਣ। ਸਿਹਤ ਮੰਤਰਾਲੇ ਦੇ ਪੱਤਰ ਵਿੱਚ ਰਾਜਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੁਰਲੱਭ ਪਰ ਹੱਦ ਦਰਜੇ ਦੀ ਘਾਤਕ ਬੀਮਾਰੀ ਨੂੰ ‘ਮਹਾਮਾਰੀ’ ਐਲਾਨਣ।
ਇਸ ਦਾ ਅਰਥ ਇਹ ਹੈ ਕਿ ‘ਬਲੈਕ ਫ਼ੰਗਸ’ ਨੂੰ ‘ਮਹਾਮਾਰੀ’ ਐਲਾਨੇ ਜਾਣ ਤੋਂ ਬਾਅਦ ਸਾਰੇ ਰਾਜਾਂ ਨੂੰ ਇਸ ਰੋਗ ਦੇ ਸ਼ੱਕੀ ਜਾਂ ਪੁਸ਼ਟੀ ਹੋਏ ਸਾਰੇ ਮਾਮਲਿਆਂ ਦੀ ਰਿਪੋਰਟ ਰੋਜ਼ਾਨਾ ਕੇਂਦਰੀ ਸਿਹਤ ਮੰਤਰਾਲੇ ਤੱਕ ਅੱਪੜਦੀ ਕਰਨੀ ਹੋਵੇਗੀ।
ਪਿਛਲੇ ਕੁਝ ਸਮੇਂ ਤੋਂ ‘ਬਲੈਕ ਫ਼ੰਗਸ’ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਰੋਗ ਉਨ੍ਹਾਂ ਨੂੰ ਵਧੇਰੇ ਹੋ ਰਿਹਾ ਹੈ, ਜਿਹੜੇ ਕੋਵਿਡ-19 ਤੋਂ ਪੀੜਤ ਹਨ ਤੇ ਜਿਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ‘ਇਮਿਊਨਿਟੀ’ ਜਾਂ ‘ਰੋਗ ਪ੍ਰਤੀਰੋਧਕ’ ਸ਼ਕਤੀ ਬਹੁਤ ਘੱਟ ਹੈ। ਇਹ ਰੋਗ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਨੂੰ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ, ਜਿਨ੍ਹਾਂ ਦਾ ਇਲਾਜ ਸਟੀਰਾੱਇਡਜ਼ ਨਾਲ ਕੀਤਾ ਜਾਂਦਾ ਹੈ ਤੇ ਜਾਂ ਜਿਹੜੇ ਸ਼ੂਗਰ ਰੋਗ ਤੋਂ ਪੀੜਤ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਆਪਣੀ ਇੱਕ ਚਿੱਠੀ ਰਾਹੀਂ ਰਾਜਾਂ ਨੂੰ ਦਿੱਤੀ ਹੈ।
ਦੱਸ ਦੇਈਏ ਕਿ ‘ਬਲੈਕ ਫ਼ੰਗਸ’ ਹੁਣ ਵੱਡੇ ਪੱਧਰ ਉੱਤੇ ਆਮ ਲੋਕਾਂ ਦੀ ਜਾਨ ਲੈ ਰਹੀ ਹੈ। ਇਸ ਦੇ ਇਲਾਜ ਲਈ ਬਹੁ-ਅਨੁਸ਼ਾਸਨੀ ਪਹੁੰਚ ਅਪਨਾਉਣ ਦੀ ਲੋੜ ਹੁੰਦੀ ਹੈ। ਇਹ ਬੀਮਾਰੀ ਅੱਖਾਂ ਉੱਤੇ ਹਮਲਾ ਕਰਦੀ ਹੈ। ਇਸ ਰੋਗ ਦੇ ਇਲਾਜ ਲਈ ਈਐੱਨਟੀ (ENT) ਮਾਹਿਰਾਂ, ਜਨਰਲ ਸਰਜਨਜ਼, ਨਿਊਰੋਸਰਜਨਜ਼, ਡੈਂਟਲ ਫ਼ੇਸ਼ੀਅਲ ਸਰਜਨਜ਼ ਤੇ ਸਪੈਸ਼ਲ ਐਂਟੀ-ਫ਼ੰਗਲ ਦਵਾਈ Amphotericin ਦੀ ਲੋੜ ਪੈਂਦੀ ਹੈ।
ਸਕੱਤਰ ਨੇ ਕਿਹਾ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਨੂੰ ਮਰੀਜ਼ਾਂ ਦੇ ਬਾਰੀਕੀ ਨਾਲ ਨਿਰੀਖਣ, ਡਾਇਗਨੌਸਿਸ, ਉਸ ਦੇ ਇਲਾਜ-ਪ੍ਰਬੰਧ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।
‘ਬਲੈਕ ਫ਼ੰਗਸ’ ਆਮ ਤੌਰ ਉੱਤੇ ਮਰੀਜ਼ ਦੇ ਨੱਕ ਨੂੰ ਬਿਲਕੁਲ ਕਾਲਾ ਕਰ ਦਿੰਦੀ ਹੈ ਅਤੇ ਅੱਖਾਂ ਦੀ ਨਜ਼ਰ ਧੁੰਦਲੀ ਹੋ ਜਾਂਦੀ ਹੈ ਜਾਂ ਇੱਕ ਦੀਆਂ ਦੋ-ਦੋ ਚੀਜ਼ਾਂ ਦਿਸਣ ਲੱਗਦੀਆਂ ਹਨ। ਛਾਤੀ ਵਿੱਚ ਦਰਦ ਹੁੰਦਾ ਹੈ, ਸਾਹ ਲੈਣ ਵਿੱਚ ਔਖ ਹੁੰਦੀ ਹੈ ਤੇ ਖੰਘਣ ’ਤੇ ਖ਼ੂਨ ਆਉਂਦਾ ਹੈ। ਸ਼ੂਗਰ ਰੋਗੀਆਂ ਨੂੰ ਇਹ ਰੋਗ ਬਹੁਤ ਜ਼ਿਆਦਾ ਹੋ ਰਿਹਾ ਹੈ।
ਸ਼ੂਗਰ ਰੋਗੀਆਂ ਨੂੰ ਸਾਇਨਸ ਜਾਂ ਨੱਕ ’ਚ ਰੁਕਾਵਟ ਆਉਣ, ਚਿਹਰੇ ਦੇ ਇੱਕ ਪਾਸੇ ਸੁੰਨਪਣ ਮਹਿਸੂਸ ਹੋਣ, ਸਿਰ-ਦਰਦ, ਦੰਦਾਂ ਵਿੱਚ ਦਰਦ ਜਿਹੇ ਲੱਛਣਾਂ ਉੱਤੇ ਖ਼ਾਸ ਨਜ਼ਰ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ: Google I/O 2021: ਕਾਰ ਦੀ ਚਾਬੀ ’ਚ ਬਦਲ ਜਾਵੇਗਾ ਸਮਾਰਟਫ਼ੋਨ, Android 12 ’ਚ ਸ਼ਾਨਦਾਰ ਫ਼ੀਚਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin