Ebrahim Raisi Death: ਈਰਾਨੀ ਰਾਸ਼ਟਰਪਤੀ ਦੇ ਦੇਹਾਂਤ 'ਤੇ ਭਾਰਤ 'ਚ ਸਰਕਾਰੀ ਸੋਗ ਦਾ ਐਲਾਨ, ਅੱਧਾ ਝੁਕਾਇਆ ਜਾਵੇਗਾ ਰਾਸ਼ਟਰੀ ਝੰਡਾ
National Mourning on Ebrahim Raisi Death: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਦੇ ਦੇਹਾਂਤ 'ਤੇ ਭਾਰਤ 'ਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
National Mourning on Ebrahim Raisi Death: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਦੇ ਦੇਹਾਂਤ 'ਤੇ ਭਾਰਤ 'ਚ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਈਰਾਨ ਦੇ ਰਾਸ਼ਟਰਪਤੀ ਦੇ ਸਨਮਾਨ ਵਿਚ ਅੱਜ (21 ਮਈ) ਨੂੰ ਭਾਰਤ ਵਿਚ ਉਨ੍ਹਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ, ਜਿੱਥੇ ਇਹ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ ਅਤੇ ਜਦੋਂ ਤੱਕ ਸਰਕਾਰੀ ਸੋਗ ਰਹੇਗਾ, ਉਦੋਂ ਤੱਕ ਖੁਸ਼ੀ ਵਾਲਾ ਕੋਈ ਕੰਮ ਨਹੀਂ ਹੋਵੇਗਾ।
ਦੱਸ ਦਈਏ ਕਿ ਈਰਾਨ ਦੇ ਉੱਤਰ-ਪੱਛਮ 'ਚ ਸਥਿਤ ਪਹਾੜੀ ਖੇਤਰ 'ਚ ਖਰਾਬ ਮੌਸਮ ਵਿਚਾਲੇ ਹੈਲੀਕਾਪਟਰ ਹਾਦਸੇ 'ਚ ਰਾਸ਼ਟਰਪਤੀ ਇਬਰਾਹਿਮ ਰਾਇਸੀ, ਵਿਦੇਸ਼ ਮੰਤਰੀ ਅਤੇ ਹੋਰਾਂ ਦੀ ਮੌਤ ਹੋ ਗਈ। ਇਸ ਸਬੰਧ ਵਿਚ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹੀਅਨ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ: Ebrahim Raisi Death: ਹੈਲੀਕਾਪਟਰ ਹਾਦਸੇ 'ਚ ਨਹੀਂ ਬਚੀ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਜਾਨ, ਸਾਹਮਣੇ ਆਏ ਸਬੂਤ!
ਮ੍ਰਿਤਕਾਂ ਦੇ ਸਨਮਾਨ ਵਿੱਚ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ 21 ਮਈ ਨੂੰ ਪੂਰੇ ਭਾਰਤ ਵਿੱਚ ਇੱਕ ਦਿਨ ਦਾ ਰਾਜਕੀ ਸੋਗ ਹੋਵੇਗਾ। ਉਨ੍ਹਾਂ ਕਿਹਾ ਕਿ ਸੋਗ ਵਾਲੇ ਦਿਨ ਭਾਰਤ ਭਰ ਦੀਆਂ ਉਨ੍ਹਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ 'ਤੇ ਲਹਿਰਾਇਆ ਜਾਂਦਾ ਹੈ ਅਤੇ ਉਸ ਦਿਨ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰਾਸ਼ਟਰਪਤੀ ਸਣੇ ਇਨ੍ਹਾਂ ਅਧਿਕਾਰੀਆਂ ਦਾ ਅੱਜ ਹੋਵੇਗਾ ਅੰਤਿਮ ਸਸਕਾਰ
ਇਸ ਦੇ ਨਾਲ ਹੀ ਈਰਾਨ ਨੇ ਆਪਣੇ ਰਾਸ਼ਟਰਪਤੀ ਦੇ ਦੇਹਾਂਤ 'ਤੇ ਦੇਸ਼ ਭਰ 'ਚ ਪੰਜ ਦਿਨਾਂ ਦਾ ਰਾਜਕੀ ਸੋਗ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਰਾਸ਼ਟਰਪਤੀ ਅਤੇ ਹੋਰ ਅਧਿਕਾਰੀਆਂ ਦਾ ਅੰਤਿਮ ਸੰਸਕਾਰ ਅੱਜ ਤਬਰੀਜ਼ 'ਚ ਹੋਵੇਗਾ। ਇਬਰਾਹਿਮ ਰਾਇਸੀ ਦੇ ਨਾਲ ਇਸ ਹਾਦਸੇ 'ਚ ਜਾਨ ਗਵਾਉਣ ਵਾਲਿਆਂ 'ਚ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹੀਅਨ, ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਮਲਕ ਰਹਿਮਤੀ ਅਤੇ ਧਾਰਮਿਕ ਨੇਤਾ ਮੁਹੰਮਦ ਅਲੀ ਆਲੇ-ਹਾਸ਼ੇਮ ਵੀ ਸ਼ਾਮਲ ਸਨ।