ਭਾਰਤ 'ਤੇ ਕੰਮ ਨਹੀਂ ਕਰੇਗੀ ਟਰੰਪ ਦੀ ਧਮਕੀ ! 24 ਘੰਟਿਆਂ ਵਿੱਚ ਚੁੱਕੇ ਤਿੰਨ ਕਦਮਾਂ ਨੇ ਅਮਰੀਕਾ ਨੂੰ ਦਿੱਤਾ ਸਖ਼ਤ ਸੰਦੇਸ਼
ਟਰੰਪ ਦੁਆਰਾ ਲਗਾਏ ਗਏ ਭਾਰੀ ਟੈਰਿਫਾਂ ਦੇ ਜਵਾਬ ਵਿੱਚ, ਭਾਰਤ ਨੇ ਆਪਣੇ ਕੂਟਨੀਤਕ ਕਦਮ ਤੇਜ਼ ਕਰ ਦਿੱਤੇ ਹਨ, ਜੋ ਕਿ ਨਾ ਸਿਰਫ਼ ਇੱਕ ਸਖ਼ਤ ਸੰਦੇਸ਼ ਹੈ ਬਲਕਿ ਵਿਸ਼ਵ ਪੱਧਰ 'ਤੇ ਭਾਰਤ ਦੀ ਸੰਤੁਲਿਤ ਰਣਨੀਤੀ ਨੂੰ ਵੀ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਚੀਨ ਫੇਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਤੇ ਪ੍ਰਧਾਨ ਮੰਤਰੀ ਮੋਦੀ ਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨਾਲ ਫ਼ੋਨ 'ਤੇ ਗੱਲਬਾਤ - ਇਹ ਤਿੰਨੋਂ ਘਟਨਾਵਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਜ਼ੋਰਦਾਰ ਆਰਥਿਕ ਹਮਲੇ ਸ਼ੁਰੂ ਕੀਤੇ ਹਨ। ਟਰੰਪ ਦੁਆਰਾ ਲਗਾਏ ਗਏ ਭਾਰੀ ਟੈਰਿਫਾਂ ਦੇ ਜਵਾਬ ਵਿੱਚ, ਭਾਰਤ ਨੇ ਆਪਣੇ ਕੂਟਨੀਤਕ ਕਦਮ ਤੇਜ਼ ਕਰ ਦਿੱਤੇ ਹਨ, ਜੋ ਕਿ ਨਾ ਸਿਰਫ਼ ਇੱਕ ਸਖ਼ਤ ਸੰਦੇਸ਼ ਹੈ ਬਲਕਿ ਵਿਸ਼ਵ ਪੱਧਰ 'ਤੇ ਭਾਰਤ ਦੀ ਸੰਤੁਲਿਤ ਰਣਨੀਤੀ ਨੂੰ ਵੀ ਦਰਸਾਉਂਦਾ ਹੈ।
ਟਰੰਪ ਦਾ ਭਾਰਤ 'ਤੇ ਆਰਥਿਕ ਹਮਲਾ
ਜ਼ਿਕਰ ਕਰ ਦਈਏ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਤੋਂ ਆਉਣ ਵਾਲੀਆਂ ਕਈ ਚੀਜ਼ਾਂ 'ਤੇ 25% ਵਾਧੂ ਟੈਰਿਫ ਲਗਾਇਆ ਹੈ। ਇਸਦਾ ਮਤਲਬ ਹੈ ਕਿ ਭਾਰਤ 'ਤੇ ਕੁੱਲ ਟੈਰਿਫ ਹੁਣ 50% ਹੋ ਗਿਆ ਹੈ। ਨਾਲ ਹੀ, ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰੂਸ ਅਤੇ ਯੂਕਰੇਨ ਵਿਚਕਾਰ ਲੜਾਈ ਸ਼ੁੱਕਰਵਾਰ ਤੱਕ ਖਤਮ ਨਹੀਂ ਹੁੰਦੀ ਹੈ, ਤਾਂ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ ਵੀ ਸੈਕੰਡਰੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸਖ਼ਤ ਸੁਨੇਹਾ ਦਿੱਤਾ
ਭਾਰਤ ਨੇ ਟਰੰਪ ਦੇ ਟੈਰਿਫ ਨੂੰ 'ਮੰਦਭਾਗਾ' ਅਤੇ 'ਅਣਉਚਿਤ' ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸਨੂੰ 'ਅਣਉਚਿਤ' ਤੇ 'ਅਸੰਗਤ' ਕਰਾਰ ਦਿੱਤਾ ਤੇ ਕਿਹਾ ਕਿ 'ਭਾਰਤ ਆਪਣੀ ਆਰਥਿਕ ਪ੍ਰਭੂਸੱਤਾ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।' ਇੱਕ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਾਡੇ ਲਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਭਾਰਤ ਕਿਸਾਨਾਂ, ਮਛੇਰਿਆਂ ਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ।' ਉਨ੍ਹਾਂ ਕਿਹਾ, 'ਅਸੀਂ ਜਾਣਦੇ ਹਾਂ ਕਿ ਇਸ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਅਸੀਂ ਇਸਦੇ ਲਈ ਤਿਆਰ ਹਾਂ।'
ਚੀਨ ਦੌਰੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਵਿੱਚ ਜਾਪਾਨ ਅਤੇ ਚੀਨ ਲਈ ਰਵਾਨਾ ਹੋਣਗੇ। 30 ਅਗਸਤ ਨੂੰ ਉਹ ਜਾਪਾਨ ਵਿੱਚ ਭਾਰਤ-ਜਾਪਾਨ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ ਤੇ ਇਸ ਤੋਂ ਬਾਅਦ ਉਹ ਸਿੱਧੇ ਚੀਨ ਦੇ ਤਿਆਨਜਿਨ ਸ਼ਹਿਰ ਜਾਣਗੇ, ਜਿੱਥੇ ਉਹ 31 ਅਗਸਤ ਤੋਂ 1 ਸਤੰਬਰ ਤੱਕ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ, ਰੱਖਿਆ ਮੰਤਰੀ ਰਾਜਨਾਥ ਸਿੰਘ, NSA ਅਜੀਤ ਡੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ SCO ਮੀਟਿੰਗਾਂ ਦੇ ਸਬੰਧ ਵਿੱਚ ਚੀਨ ਦਾ ਦੌਰਾ ਕਰ ਚੁੱਕੇ ਹਨ।
ਡੋਵਾਲ ਨੇ ਪੁਤਿਨ ਨਾਲ ਮੁਲਾਕਾਤ ਕੀਤੀ
ਇਸ ਦੌਰਾਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕ੍ਰੇਮਲਿਨ ਵਿਖੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਦੋਵੇਂ ਦੇਸ਼ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ 'ਤੇ ਸਹਿਮਤ ਹੋਏ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ 'ਤੇ 50 ਪ੍ਰਤੀਸ਼ਤ ਤੱਕ ਟੈਰਿਫ ਲਗਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਰੂਸ-ਭਾਰਤ ਸਾਂਝੇਦਾਰੀ ਨੂੰ ਡੂੰਘਾ ਕਰਨ ਤੇ ਅਮਰੀਕੀ ਦਬਾਅ ਨੂੰ ਸੰਤੁਲਿਤ ਕਰਨ ਦੀ ਰਣਨੀਤੀ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਲੂਲਾ ਗੱਲਬਾਤ
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਇਹ ਗੱਲਬਾਤ ਟਰੰਪ ਵੱਲੋਂ ਭਾਰਤ ਅਤੇ ਬ੍ਰਾਜ਼ੀਲ 'ਤੇ ਭਾਰੀ ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਹੋਈ। ਗੱਲਬਾਤ ਦੌਰਾਨ ਲੂਲਾ ਨੇ 'ਇਕਪਾਸੜ ਟੈਰਿਫ' ਦੀ ਆਲੋਚਨਾ ਕੀਤੀ ਅਤੇ ਬਹੁਪੱਖੀ ਪ੍ਰਣਾਲੀ ਨੂੰ ਬਣਾਈ ਰੱਖਣ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਊਰਜਾ, ਰੱਖਿਆ, ਸਿਹਤ, ਤਕਨਾਲੋਜੀ ਅਤੇ ਵਪਾਰ ਵਰਗੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ਦਾ ਵੀ ਭਰੋਸਾ ਦਿੱਤਾ।






















