Basmati Rice: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, ਵਿਦੇਸ਼ਾਂ 'ਚ ਭਾਰਤੀ ਚੌਲਾਂ ਦੀ ਮੰਗ ਤੋੜਨ ਲੱਗੀ ਰਿਕਾਰਡ
ਕਿਸਾਨਾਂ ਲਈ ਖੁਸ਼ਖਬਰੀ ਹੈ। ਵਿਦੇਸ਼ਾਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦਾ ਰੇਟ ਉੱਪਰ ਜਾਣ ਦੀ ਸੰਭਾਵਨਾ ਹੈ।
Basmati Rice Exports Increased: ਕਿਸਾਨਾਂ ਲਈ ਖੁਸ਼ਖਬਰੀ ਹੈ। ਵਿਦੇਸ਼ਾਂ ਵਿੱਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਦਾ ਰੇਟ ਉੱਪਰ ਜਾਣ ਦੀ ਸੰਭਾਵਨਾ ਹੈ। ਬੇਸ਼ੱਕ ਭਾਰਤ ਸਰਕਾਰ ਅਨਾਜ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਚੌਲਾਂ ਸਣੇ ਹੋਰ ਵਸਤੂਆਂ ਦੀ ਬਰਾਮਦ ਉਪਰ ਪਾਬੰਦੀਆਂ ਆਦਿ ਲਾਉਂਦੀ ਹੈ ਪਰ ਪਿਛਲੇ ਸਮੇਂ ਵਿੱਚ ਵਿਦੇਸ਼ਾਂ ਅੰਦਰ ਬਾਸਮਤੀ ਚੌਲਾਂ ਦੀ ਵਧੀ ਮੰਗ ਕਿਸਾਨਾਂ ਲਈ ਸ਼ੁਭ ਸੰਕੇਤ ਹੈ।
ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਦੇ ਅੰਕੜਿਆਂ ਅਨੁਸਾਰ, ਭਾਰਤ ਨੇ ਚਾਲੂ ਵਿੱਤੀ ਸਾਲ 2024-25 ਦੀ ਅਪ੍ਰੈਲ-ਮਈ ਮਿਆਦ ਵਿੱਚ 103.7 ਕਰੋੜ ਡਾਲਰ ਦੇ ਬਾਸਮਤੀ ਚਾਵਲ ਦਾ ਨਿਰਯਾਤ ਕੀਤਾ। ਇਹ 2023-24 ਦੀ ਇਸੇ ਮਿਆਦ ਲਈ 91.7 ਕਰੋੜ ਡਾਲਰ ਤੋਂ 13.11 ਪ੍ਰਤੀਸ਼ਤ ਵੱਧ ਹੈ। ਹਾਲਾਂਕਿ, ਖੇਤੀਬਾੜੀ ਤੇ ਪ੍ਰੋਸੈਸਡ ਫੂਡ ਉਤਪਾਦਾਂ ਦੇ ਨਿਰਯਾਤ ਵਿੱਚ ਮਾਮੂਲੀ ਗਿਰਾਵਟ ਆਈ ਹੈ।
ਦਰਅਸਲ, ਘਰੇਲੂ ਬਾਜ਼ਾਰ ਵਿੱਚ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚੌਲਾਂ ਦੀ ਬਰਾਮਦ ’ਤੇ ਲਾਈਆਂ ਪਾਬੰਦੀਆਂ ਨੇ ਹੋਰ ਕਿਸਮਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਅਪ੍ਰੈਲ-ਮਈ 'ਚ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਸਾਲਾਨਾ ਆਧਾਰ 'ਤੇ 13.35 ਫੀਸਦੀ ਘਟ ਕੇ 91.9 ਕਰੋੜ ਡਾਲਰ ਰਹਿ ਗਈ। ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਮਈ ਦੀ ਮਿਆਦ ਦੌਰਾਨ, ਖੇਤੀਬਾੜੀ ਤੇ ਪ੍ਰੋਸੈਸਡ ਭੋਜਨ ਉਤਪਾਦਾਂ ਦੀ ਬਰਾਮਦ ਸਾਲਾਨਾ ਅਧਾਰ 'ਤੇ 0.49 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਨਾਲ 433.7 ਕਰੋੜ ਡਾਲਰ ਰਹਿ ਗਈ ਹੈ। 2023-24 ਦੀ ਇਸੇ ਮਿਆਦ ਵਿੱਚ ਇਹ ਨਿਰਯਾਤ ਅੰਕੜਾ 435.8 ਕਰੋੜ ਡਾਲਰ ਸੀ।
ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦੀ ਮੰਗ ਵਿੱਚ ਕਮੀ
ਉਧਰ, ਸਬਜ਼ੀਆਂ ਤੇ ਫਲਾਂ ਦੀ ਬਰਾਮਦ ਵਿੱਚ ਵੀ ਕਮੀ ਆਈ ਹੈ। ਮੌਜੂਦਾ ਵਿੱਤੀ ਸਾਲ ਦੇ ਅਪ੍ਰੈਲ-ਮਈ ਦੀ ਮਿਆਦ ਵਿੱਚ ਭਾਰਤ ਤੋਂ 12.2 ਕਰੋੜ ਡਾਲਰ ਦੀਆਂ ਤਾਜ਼ੀਆਂ ਸਬਜ਼ੀਆਂ ਦਾ ਨਿਰਯਾਤ ਕੀਤਾ ਗਿਆ। ਇਹ ਅੰਕੜਾ 2023-24 ਦੀ ਇਸੇ ਮਿਆਦ ਵਿੱਚ 12.3 ਕਰੋੜ ਡਾਲਰ ਦੀਆਂ ਸਬਜ਼ੀਆਂ ਦੇ ਨਿਰਯਾਤ ਦੇ ਮੁਕਾਬਲੇ 1.08 ਪ੍ਰਤੀਸ਼ਤ ਹੈ।
ਇਸ ਸਮੇਂ ਦੌਰਾਨ ਤਾਜ਼ੇ ਫਲਾਂ ਦਾ ਨਿਰਯਾਤ ਵੀ ਸਾਲਾਨਾ ਆਧਾਰ 'ਤੇ 7.86 ਫੀਸਦੀ ਘਟ ਕੇ 20.5 ਕਰੋੜ ਡਾਲਰ ਰਹਿ ਗਿਆ। ਫਲਾਂ ਤੇ ਸਬਜ਼ੀਆਂ ਦੇ ਬੀਜਾਂ ਦੀ ਬਰਾਮਦ ਅਪ੍ਰੈਲ-ਮਈ ਦੌਰਾਨ 10.85 ਪ੍ਰਤੀਸ਼ਤ ਵਧ ਕੇ 3.8 ਕਰੋੜ ਡਾਲਰ ਹੋ ਗਈ ਜੋ ਇੱਕ ਸਾਲ ਪਹਿਲਾਂ 3.4 ਕਰੋੜ ਡਾਲਰ ਸੀ।
ਡੇਅਰੀ ਉਤਪਾਦਾਂ ਤੇ ਮੀਟ ਦੀ ਮੰਗ ਵਧੀ
ਡੇਅਰੀ ਉਤਪਾਦਾਂ ਦੀ ਮੰਗ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30.23 ਪ੍ਰਤੀਸ਼ਤ ਵਧ ਕੇ 9.8 ਕਰੋੜ ਡਾਲਰ ਹੋ ਗਈ। 2023-24 ਦੀ ਅਪ੍ਰੈਲ-ਮਈ ਮਿਆਦ ਵਿੱਚ ਦੇਸ਼ ਤੋਂ 7.5 ਕਰੋੜ ਡਾਲਰ ਦੇ ਡੇਅਰੀ ਉਤਪਾਦਾਂ ਦੀ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਮੱਝ, ਬੱਕਰੀ, ਭੇਡ ਤੇ ਹੋਰ ਜਾਨਵਰਾਂ ਦੇ ਮਾਸ ਦੀ ਬਰਾਮਦ ਵੀ 7.99 ਫੀਸਦੀ ਵਧ ਕੇ 70 ਕਰੋੜ ਡਾਲਰ ਤੱਕ ਪਹੁੰਚ ਗਈ। ਪੋਲਟਰੀ ਉਤਪਾਦਾਂ ਦਾ ਨਿਰਯਾਤ 15.32 ਫੀਸਦੀ ਘਟ ਕੇ 2.5 ਕਰੋੜ ਡਾਲਰ ਰਹਿ ਗਿਆ। 2023-24 ਦੇ ਅਪ੍ਰੈਲ-ਮਈ ਵਿੱਚ 2.9 ਕਰੋੜ ਡਾਲਰ ਦੀ ਬਰਾਮਦ ਕੀਤੀ ਗਈ।