Court News: ਵਿਆਹ ਦਾ ਵਾਅਦਾ ਤੋੜਨਾ ਜਾਂ Breakup ਕਰਨ ਦਾ ਮਤਲਬ ਖੁਦਕੁਸ਼ੀ ਲਈ ਉਕਸਾਉਣਾ ਨਹੀਂ, ਜਾਣੋ ਸੁਪਰੀਮ ਕੋਰਟ ਨੇ ਕਿਉਂ ਸੁਣਾਇਆ ਅਜਿਹਾ ਫੈਸਲਾ ?
ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਲੰਬੇ ਰਿਸ਼ਤੇ ਤੋਂ ਬਾਅਦ ਵੀ ਵਿਆਹ ਤੋਂ ਇਨਕਾਰ ਕਰਨਾ ਉਕਸਾਉਣ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਜਾਣੋ ਕੀ ਹੈ ਪੂਰਾ ਮਾਮਲਾ ?
ਸੁਪਰੀਮ ਕੋਰਟ ਨੇ ਇੱਕ ਫੈਸਲੇ 'ਚ ਕਿਹਾ ਕਿ ਵਿਆਹ ਦਾ ਵਾਅਦਾ ਤੋੜਨਾ ਜਾਂ ਬ੍ਰੇਕਅੱਫ ਕਰਨਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਹੋ ਸਕਦਾ। ਹਾਲਾਂਕਿ, ਜਦੋਂ ਅਜਿਹੇ ਵਾਅਦੇ ਟੁੱਟ ਜਾਂਦੇ ਹਨ, ਤਾਂ ਵਿਅਕਤੀ ਜਜ਼ਬਾਤੀ ਤੌਰ ਤੇ ਪਰੇਸ਼ਾਨ ਹੋ ਸਕਦਾ ਹੈ। ਜੇ ਉਹ ਭਾਵਨਾਤਮਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਇਸ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਇਹ ਕਹਿੰਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਪੰਕਜ ਮਿਥਲ ਤੇ ਜਸਟਿਸ ਉੱਜਵਲ ਭੂਯਨ ਦੀ ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਇੱਕ ਫੈਸਲੇ ਨੂੰ ਬਦਲ ਦਿੱਤਾ ਹੈ। ਕਰਨਾਟਕ ਹਾਈ ਕੋਰਟ ਨੇ ਦੋਸ਼ੀ ਕਮਰੂਦੀਨ ਦਸਤਗੀਰ ਸਨਦੀ ਨੂੰ ਆਪਣੀ ਪ੍ਰੇਮਿਕਾ ਨਾਲ ਧੋਖਾਧੜੀ ਕਰਨ ਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਠਹਿਰਾਇਆ ਸੀ।
ਦਰਅਸਲ, ਮਾਂ ਵੱਲੋਂ ਦਰਜ ਕਰਵਾਈ FIR ਮੁਤਾਬਕ, ਉਸ ਦੀ 21 ਸਾਲਾ ਧੀ 8 ਸਾਲਾਂ ਤੋਂ ਮੁਲਜ਼ਮ ਨਾਲ ਪਿਆਰ ਕਰਦੀ ਸੀ। ਉਸ ਨੇ ਅਗਸਤ 2007 ਵਿੱਚ ਖੁਦਕੁਸ਼ੀ ਕਰ ਲਈ ਕਿਉਂਕਿ ਦੋਸ਼ੀ ਨੇ ਵਿਆਹ ਦਾ ਵਾਅਦਾ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਦੋਸ਼ੀ ਕਮਰੂਦੀਨ ਦਸਤਗੀਰ ਸਨਦੀ 'ਤੇ ਸ਼ੁਰੂਆਤੀ ਤੌਰ 'ਤੇ ਆਈਪੀਸੀ ਦੀਆਂ ਧਾਰਾਵਾਂ 417 (ਧੋਖਾਧੜੀ), 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 376 (ਬਲਾਤਕਾਰ) ਦੇ ਤਹਿਤ ਦੋਸ਼ ਲਗਾਇਆ ਗਿਆ ਸੀ। ਹਾਈ ਕੋਰਟ ਨੇ ਦੋਸ਼ੀ ਨੂੰ 5 ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਮੁਲਜ਼ਮਾਂ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਜਸਟਿਸ ਮਿਥਲ ਨੇ ਸੁਪਰੀਮ ਕੋਰਟ ਦੀ ਬੈਂਚ ਦੀ ਤਰਫੋਂ ਇਸ ਮਾਮਲੇ 'ਤੇ 17 ਪੰਨਿਆਂ ਦਾ ਫੈਸਲਾ ਲਿਖਿਆ। ਬੈਂਚ ਨੇ ਮੌਤ ਤੋਂ ਪਹਿਲਾਂ ਔਰਤ ਦੇ ਦੋ ਬਿਆਨਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਦੋਵਾਂ ਵਿਚਕਾਰ ਸਰੀਰਕ ਸਬੰਧਾਂ ਦਾ ਕੋਈ ਦੋਸ਼ ਨਹੀਂ ਹੈ ਨਾ ਹੀ ਕੋਈ ਜਾਣਬੁੱਝ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਲਈ, ਫੈਸਲੇ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਸੀ ਕਿ ਟੁੱਟੇ ਰਿਸ਼ਤੇ ਭਾਵਨਾਤਮਕ ਤੌਰ 'ਤੇ ਪਰੇਸ਼ਾਨ ਕਰਦੇ ਹਨ, ਪਰ ਉਨ੍ਹਾਂ ਨੂੰ ਅਪਰਾਧਿਕ ਮਾਮਲਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ।
ਫੈਸਲੇ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਦੋਸ਼ੀ ਨੇ ਔਰਤ ਨੂੰ ਖੁਦਕੁਸ਼ੀ ਲਈ ਉਕਸਾਇਆ ਸੀ। ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਲੰਬੇ ਰਿਸ਼ਤੇ ਤੋਂ ਬਾਅਦ ਵੀ ਵਿਆਹ ਤੋਂ ਇਨਕਾਰ ਕਰਨਾ ਉਕਸਾਉਣ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ।
ਅਦਾਲਤ ਨੇ ਕਿਹਾ, "ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੱਕ ਦੋਸ਼ੀ ਦਾ ਅਪਰਾਧਿਕ ਇਰਾਦਾ ਸਥਾਪਤ ਨਹੀਂ ਹੁੰਦਾ, ਉਸ ਨੂੰ ਆਈਪੀਸੀ ਦੀ ਧਾਰਾ 306 ਦੇ ਤਹਿਤ ਦੋਸ਼ੀ ਠਹਿਰਾਉਣਾ ਸੰਭਵ ਨਹੀਂ ਹੈ।"