ਸ਼ਾਮ ਢੱਲਦਿਆਂ ਹੀ ਮੁੜ ਸੀਜ਼ਫਾਇਰ ਦੀ ਉਲੰਘਣਾ, ਜੰਮੂ ਦੇ ਕਈ ਇਲਾਕਿਆਂ 'ਚ ਪਾਕਿ ਨੇ ਕੀਤੀ ਗੋਲੀਬਾਰੀ, ਆਸਮਾਨ 'ਚ ਦਿਸੇ ਡਰੋਨ
ਪਾਕਿਸਤਾਨ ਨੇ ਇੱਕ ਵਾਰ ਫਿਰ ਸਰਹੱਦੀ ਰੇਖਾ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਊਧਮਪੁਰ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।

India Pakistan Tension: ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਦੀ ਸਹਿਮਤੀ ਤੋਂ ਤਿੰਨ ਘੰਟਿਆਂ ਬਾਅਦ ਹੀ ਫਿਰ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਾਕਿਸਤਾਨ ਨੇ ਇੱਕ ਵਾਰ ਫਿਰ ਸਰਹੱਦੀ ਰੇਖਾ ਨਾਲ ਲੱਗਦੇ ਇਲਾਕਿਆਂ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਊਧਮਪੁਰ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਰਾਜੌਰੀ 'ਚ ਬਲੈਕਆਊਟ
ਸ਼ੁਰੂਆਤੀ ਜਾਣਕਾਰੀ ਅਨੁਸਾਰ ਬਾਰਾਮੂਲਾ ਅਤੇ ਚੰਬ ਵਿੱਚ ਭਾਰੀ ਗੋਲੀਬਾਰੀ ਚੱਲ ਰਹੀ ਹੈ। ਜਦੋਂ ਕਿ ਰਾਜੌਰੀ ਵਿੱਚ ਪੂਰੀ ਤਰ੍ਹਾਂ ਬਲੈਕਆਊਟ ਹੈ। ਕਾਨਾਚਕ ਸੈਕਟਰ ਤੋਂ ਮਢ ਵਿੱਚ ਅਸਮਾਨ ਵਿੱਚ ਤਿੰਨ ਡਰੋਨ ਦੇਖੇ ਗਏ ਹਨ। ਭਾਰਤੀ ਫੌਜ ਪਾਕਿਸਤਾਨ ਦੀ ਇਸ ਹਿਮਾਕਤ ਦਾ ਮੂੰਹਤੋੜ ਜਵਾਬ ਦੇ ਰਹੇ ਹਨ।
ਦੂਜੇ ਪਾਸੇ ਪੰਜਾਬ ਵਿੱਚ ਸਥਿਤੀ ਫਿਰ ਵਿਗੜ ਗਈ ਹੈ, ਜਿਥੇ ਥੋੜੀ ਦੇਰ ਪਹਿਲਾਂ ਹੀ ਬਲੈਕਆਊਟ ਖ਼ਤਮ ਕਰਨ ਦੇ ਆਰਡਰ ਦਿੱਤੇ ਗਏ ਸਨ, ਉੱਥੇ ਹੀ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਗੁਰਦਾਸਪੁਰ, ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਬੈਲਕਆਊਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਰੋਨ ਦੀ ਕਾਰਵਾਈ ਵੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਵੀ ਲੋਕਾਂ ਨੂੰ ਅਲਰਟ ਕਰਦਿਆਂ ਹੋਇਆਂ ਦੁਕਾਨਾਂ ਬੰਦ ਕਰਨ ਨੂੰ ਕਹਿ ਰਹੀ ਹੈ ਅਤੇ ਘਰ ਜਾਣ ਦੀ ਅਪੀਲ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਚਾਰ ਘੰਟੇ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਮਝੌਤਾ ਕਰਵਾਇਆ ਸੀ, ਭਾਵ ਕਿ ਅਮਰੀਕਾ ਨਾਲ ਲੰਬੀ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਸਨ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਉੱਥੇ ਹੀ ਲੋਕਾਂ ਨੂੰ ਵੀ ਇਹ ਖ਼ਬਰ ਸੁਣ ਕੇ ਸੁਖ ਦਾ ਸਾਹ ਆਇਆ ਸੀ ਕਿ ਜੰਗ ਖ਼ਤਮ ਹੋ ਗਈ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਵੀ ਬਲੈਕਆਊਟ ਖਤਮ ਕਰ ਦਿੱਤਾ ਗਿਆ ਸੀ ਅਤੇ ਸਥਿਤੀ ਬਿਲਕੁਲ ਆਮ ਵਾਂਗ ਹੋ ਗਈ ਸੀ। ਪਰ ਹਾਲੇ 4 ਘੰਟੇ ਹੀ ਬੀਤੇ ਸੀ ਅਤੇ ਪਾਕਿਸਤਾਨ ਨੇ ਸੀਜ਼ਫਾਇਰ ਦੀ ਉਲੰਘਣਾ ਕਰਦਿਆਂ ਹੋਇਆਂ ਮੁੜ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਪਠਾਨਕੋਟ ਅਤੇ ਫਿਰੋਜ਼ਪੁਰ ਵਿੱਚ ਫਿਰ ਲਾਈਟਾਂ ਬੰਦ ਕਰਨ ਭਾਵ ਕਿ ਬਲੈਕਆਊਟ ਕਰਨ ਦਾ ਆਦੇਸ਼ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਾਇਰਨ ਵੀ ਵੱਜਣ ਲੱਗ ਪਏ ਹਨ। ਜਿਸ ਤੋਂ ਬਾਅਦ ਲੋਕ ਫਿਰ ਤੋਂ ਸਹਿਮ ਗਏ ਹਨ।






















