Don't Eat Meat: ਮੀਟ ਖਾਣ ਕਰਕੇ ਹੀ ਬੱਦਲ ਫਟੇ! ਆਈਆਈਟੀ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਮੀਟ ਨਾ ਖਾਣ ਦੀ ਸਹੁੰ ਚੁੱਕਾਈ
Himachal Pardesh News:ਵਿਦਿਆਰਥੀਆਂ ਨੂੰ ਮੀਟ ਨਾ ਖਾਣ ਦੀ ਸਹੁੰ ਚੁੱਕਣ ਲਈ ਵੀ ਕਿਹਾ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਹੇੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
Himachal Pardesh News: ਆਈਆਈਟੀ ਮੰਡੀ ਦੇ ਡਾਇਰੈਕਟਰ ਲਕਸ਼ਮੀਧਰ ਬਹੇੜਾ ਨੇ ਇਹ ਦਾਅਵਾ ਕੀਤਾ ਹੈ ਕਿ ਜਾਨਵਰਾਂ ’ਤੇ ਹੋ ਰਹੀ ਕਰੂਰਤਾ ਕਰਕੇ ਹੀ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟੇ ਤੇ ਢਿੱਗਾਂ ਡਿੱਗੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਮੀਟ ਨਾ ਖਾਣ ਦੀ ਸਹੁੰ ਚੁੱਕਣ ਲਈ ਵੀ ਕਿਹਾ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਬਹੇੜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਸ ਵੀਡੀਓ ਵਿੱਚ ਬਹੇੜਾ ਕਹਿ ਰਹੇ ਹਨ, ‘‘ਜੇਕਰ ਅਸੀਂ ਜਾਨਵਰਾਂ ਨੂੰ ਕੱਟਣਾ ਬੰਦ ਨਹੀਂ ਕਰਾਂਗੇ ਤਾਂ ਹਿਮਾਚਲ ਪ੍ਰਦੇਸ਼ ਦਾ ਨਿਘਾਰ ਜਾਰੀ ਰਹੇਗਾ। ਤੁਸੀਂ ਜਾਨਵਰਾਂ ਨੂੰ ਕੱਟ ਰਹੇ ਹੋ…ਮਾਸੂਮ ਜਾਨਵਰਾਂ ਨੂੰ। ਇਸ ਦਾ ਵਾਤਾਵਰਨ ਦੇ ਨਿਘਾਰ ਨਾਲ ਵੀ ਸਬੰਧ ਹੈ…ਜੋ ਤੁਸੀਂ ਅਜੇ ਦੇਖ ਨਹੀਂ ਸਕਦੇ ਪਰ ਇਹ ਹੈ….ਇਹ ਜੋ ਵਾਰ-ਵਾਰ ਢਿੱਗਾਂ ਡਿੱਗ ਰਹੀਆਂ ਹਨ, ਬੱਦਲ ਫਟ ਰਹੇ ਹਨ ਤੇ ਹੋਰ ਕਈ ਕੁਦਰਤੀ ਆਫਤਾਂ ਆ ਰਹੀਆਂ ਹਨ, ਇਹ ਸਭ ਜਾਨਵਰਾਂ ’ਤੇ ਕਰੂਰਤਾ ਦਾ ਪ੍ਰਭਾਵ ਹੈ।’’
ਉਨ੍ਹਾਂ ਕਿਹਾ, ‘‘ਇਕ ਚੰਗੇ ਮਨੁੱਖ ਬਣਨ ਲਈ ਤੁਹਾਨੂੰ ਕੀ ਕਰਨਾ ਹੋਵੇਗਾ? ਮੀਟ ਖਾਣਾ ਛੱਡਣਾ ਹੋਵੇਗਾ।’’ ਉਨ੍ਹਾਂ ਵਿਦਿਆਰਥੀਆਂ ਨੂੰ ਮੀਟ ਨਾ ਖਾਣ ਦੀ ਸਹੁੰ ਚੁੱਕਣ ਲਈ ਵੀ ਕਿਹਾ। ਇੰਟਰਨੈੱਟ ’ਤੇ ਲੋਕਾਂ ਵੱਲੋਂ ਬਹੇੜਾ ਦੀਆਂ ਇਨ੍ਹਾਂ ਟਿੱਪਣੀਆਂ ਦੀ ਵੱਡੀ ਪੱਧਰ ’ਤੇ ਆਲੋਚਨਾ ਕੀਤੀ ਜਾ ਰਹੀ ਹੈ।
ਇੱਕ ਉੱਦਮੀ ਤੇ ਆਈਆਈਟੀ ਦਿੱਲੀ ਤੋਂ ਪਾਸ ਸੰਦੀਪ ਮਨੂਧਾਨੇ ਨੇ ਟਵਿਟਰ ਉੱਤੇ ਕਿਹਾ, ‘‘ਪੂਰੀ ਤਰ੍ਹਾਂ ਬੇੜਾ ਬੈਠ ਚੁੱਕਾ ਹੈ। ਅਜਿਹੇ ਅੰਧਵਿਸ਼ਵਾਸੀ ਮੂਰਖ ਉਹ ਸਭ ਕੁਝ ਤਬਾਹ ਕਰ ਦੇਣਗੇ ਜੋ ਪਿਛਲੇ 70 ਸਾਲਾਂ ਵਿੱਚ ਬਣਿਆ ਹੈ।’’ ਇਸੇ ਤਰ੍ਹਾਂ ਬਾਇਓਫਿਜ਼ਿਕਸ ਦੇ ਇਕ ਪ੍ਰੋਫੈਸਰ ਗੌਤਮ ਮੈਨਨ ਨੇ ਵੀ ਆਈਆਈਟੀ ਮੰਡੀ ਦੇ ਡਾਇਰੈਕਟਰ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਹੇੜਾ ਦੀਆਂ ਟਿੱਪਣੀਆਂ ਕਾਰਨ ਵਿਵਾਦ ਖੜ੍ਹਾ ਹੋਇਆ ਹੈ। ਪਿਛਲੇ ਸਾਲ ਵੀ ਉਹ ਚਰਚਾ ਵਿੱਚ ਰਹੇ ਸਨ ਜਦੋਂ ਉਨ੍ਹਾਂ ਦਾਅਵਾ ਕੀਤਾ ਸੀ ਕਿ ‘ਪਵਿੱਤਰ ਮੰਤਰਾਂ’ ਰਾਹੀਂ ਉਨ੍ਹਾਂ ਨੇ ਆਪਣੇ ਦੋਸਤ ਦੇ ਘਰ ਤੇ ਪਰਿਵਾਰ ’ਚੋਂ ਬੁਰੀਆਂ ਆਤਮਾਵਾਂ ਨੂੰ ਬਾਹਰ ਕੱਢਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।