ਪਾਕਿਸਤਾਨ ਤੋਂ ਡ੍ਰੋਨ ਰਾਹੀਂ ਆ ਰਹੇ ਪੰਜਾਬ 'ਚ ਹਥਿਆਰ, ਕੈਪਟਨ ਨੇ ਅਮਿਤ ਸ਼ਾਹ ਨੂੰ ਕੀਤਾ ਚੌਕਸ
ਪੰਜਾਬ ਦੇ ਤਰਨ ਤਾਰਨ ਤੋਂ ਫੜੇ ਗਏ ਹਥਿਆਰ ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਭੇਜੇ ਗਏ ਸੀ। ਇਹ ਖੁਲਾਸਾ ਫੜੇ ਗਏ ਚਾਰ ਮੁਲਜ਼ਮਾਂ ਤੋਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵੀਂ ਚੁਣੌਤੀ ਦਾ ਤੁਰੰਤ ਹੱਲ ਕੱਢਣ ਲਈ ਕਿਹਾ ਹੈ।
ਚੰਡੀਗੜ੍ਹ: ਪੰਜਾਬ ਦੇ ਤਰਨ ਤਾਰਨ ਤੋਂ ਫੜੇ ਗਏ ਹਥਿਆਰ ਪਾਕਿਸਤਾਨ ਤੋਂ ਡ੍ਰੋਨਾਂ ਰਾਹੀਂ ਭੇਜੇ ਗਏ ਸੀ। ਇਹ ਖੁਲਾਸਾ ਫੜੇ ਗਏ ਚਾਰ ਮੁਲਜ਼ਮਾਂ ਤੋਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵੀਂ ਚੁਣੌਤੀ ਦਾ ਤੁਰੰਤ ਹੱਲ ਕੱਢਣ ਲਈ ਕਿਹਾ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, 'ਬੁਖਲਾਏ ਪਾਕਿਸਤਾਨ ਵੱਲੋਂ ਡ੍ਰੋਨਾਂ ਰਾਹੀਂ ਹਥਿਆਰ ਸੁੱਟਣਾ ਨਵੀਂ ਤੇ ਡਰਾਉਣੀ ਚੁਣੌਤੀ ਹੈ।' ਕੈਪਟਨ ਅਮਰਿੰਦਰ ਨੇ ਉਮੀਦ ਜਤਾਈ ਕਿ ਅਮਿਤ ਸ਼ਾਹ ਇਸ ਚੁਣੌਤੀ ਦਾ ਜਲਦ ਤੋਂ ਜਲਦ ਹੱਲ ਯਕੀਨੀ ਕਰਨਗੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣਗੇ।
ਪੰਜਾਬ ਵਿੱਚ ਪੁਲਿਸ ਨੇ 4 ਸ਼ੱਕੀ ਅੱਤਵਾਦੀਆਂ ਨੂੰ 5 ਏਕੇ 47, ਗ੍ਰਨੇਡ, ਪਿਸਤੌਲ ਤੇ ਸੈਟੇਲਾਈਟ ਫੋਨ ਸਮੇਤ ਕਾਬੂ ਕੀਤਾ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਹਥਿਆਰਾਂ ਦੀ ਤਸਕਰੀ ਡ੍ਰੋਨਾਂ ਰਾਹੀਂ ਕੀਤੀ ਗਈ ਹੈ। ਇਸ ਬਰਾਮਦਗੀ ਦੇ ਦੂਜੇ ਮੁਲਕਾਂ ਨਾਲ ਤਾਰ ਜੁੜੇ ਹੋਣ ਕਰਕੇ ਪੰਜਾਬ ਸਰਕਾਰ ਨੇ ਇਹ ਕੇਸ ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੇ ਹਵਾਲੇ ਕਰਨ ਦਾ ਫੈਸਲਾ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਜਰਮਨੀ ਵਿੱਚ ਬੈਠੇ ਆਪਣੇ ਸਾਥੀ ਗੁਰਮੀਤ ਉਰਫ ਬੱਗਾ ਰਾਹੀਂ ਅੰਮ੍ਰਿਤਸਰ ਜੇਲ੍ਹ ਵਿੱਚ ਕੈਦੀਆਂ ਨਾਲ ਮਿਲ ਕੇ ਸਾਜ਼ਿਸ਼ ਘੜੀ ਹੈ। ਇਸ ਖੁਲਾਸੇ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਕਿਸਤਾਨ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਪਾਕਿਸਤਾਨ ਡ੍ਰੋਨਾਂ ਰਾਹੀਂ ਹਥਿਆਰ ਸਪਲਾਈ ਕਰ ਰਿਹਾ ਹੈ। ਇਸ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਸਾਡੀਆਂ ਫੌਜਾਂ ਦੇਸ਼ ਦੀ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਦੀ ਤਾਕਤ ਰੱਖਦੀਆਂ ਹੈ। ਚਾਹੇ ਇਹ ਆਰਮੀ ਹੋਵੇ, ਨੇਵੀ ਜਾਂ ਫਿਰ ਏਅਰ ਫੋਰਸ, ਸਭ ਫੌਜਾਂ ਪੂਰੀ ਤਰ੍ਹਾਂ ਤਿਆਰ ਹਨ।