RSS ਹਮਾਇਤੀ ਤੋਂ ਬਿਨਾਂ ਕਾਂਗਰਸ ਨੂੰ ਕੋਈ ਵੀ ਪ੍ਰਧਾਨ ਮੰਤਰੀ ਮਨਜੂਰ

ਨਵੀਂ ਦਿੱਲੀ: ਕਾਂਗਰਸ ਵੱਲੋਂ 2019 ਚ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਾਹੁਲ ਗਾਂਧੀ ਹੋਣਗੇ ਪਰ ਸੰਕੇਤ ਹੈ ਕਿ ਇਸ ਉੱਚ ਅਹੁਦੇ ਲਈ ਵਿਰੋਧੀ ਗਠਜੋੜ 'ਚੋਂ ਕਿਸੇ ਵੀ ਅਜਿਹੇ ਉਮੀਦਵਾਰ ਨੂੰ ਸਵੀਕਾਰ ਕਰਨ 'ਚ ਕੋਈ ਇਤਰਾਜ਼ ਨਹੀਂ ਜਿਸ ਦੀ ਪਿੱਠ 'ਤੇ ਆਰਐਸਐਸ ਦਾ ਥਾਪੜਾ ਨਾ ਹੋਵੇ।
ਪਾਰਟੀ ਦੇ ਉੱਚ ਸੂਤਰਾਂ ਕਿਹਾ ਕਿ ਬੀਜੇਪੀ ਨੂੰ 2019 'ਚ ਸੱਤਾ ਤੋਂ ਬਾਹਰ ਦਾ ਰਾਹ ਦਿਖਾਉਣ ਲਈ ਕਾਂਗਰਸ ਸੂਬਿਆਂ ਦੇ ਵੱਖ-ਵੱਖ ਸਿਆਸੀ ਦਲਾਂ ਨਾਲ ਗਠਜੋੜ ਕਰਨ 'ਤੇ ਗੌਰ ਕਰੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਵਿਰੋਧੀ ਗਠਜੋੜ ਵਿੱਚੋਂ ਕਿਸੇ ਮਹਿਲਾ ਉਮੀਦਵਾਰ ਦੇ ਆਉਣ 'ਤੇ ਕਾਂਗਰਸ ਪ੍ਰਧਾਨ ਇਸ ਦੌੜ 'ਚੋਂ ਪਿੱਛੇ ਹਟ ਜਾਣਗੇ ਤਾਂ ਸੂਤਰਾਂ ਮੁਤਾਬਕ ਆਰਐਸਐਸ ਸਮਰਥਕ ਵਿਅਕਤੀ ਨੂੰ ਛੱਡ ਕੇ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣ 'ਚ ਕਈ ਇਤਰਾਜ ਨਹੀਂ।
ਦਰਅਸਲ ਵਿਰੋਧੀ ਗਠਜੋੜ 'ਚ ਅਟਕਲਾਂ ਚੱਲ ਰਹੀਆਂ ਹਨ ਕਿ 2019 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਹਿਲਾ ਉਮੀਦਵਾਰ ਪੇਸ਼ ਕੀਤੇ ਜਾਣ ਤੇ ਅਜਿਹੇ 'ਚ ਬੀਐਸਪੀ ਨੇਤਾ ਮਾਇਆਵਤੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।






















