Karnataka Election Results: ਦੱਖਣ 'ਚ ਕਾਂਗਰਸ ਨੇ ਮੁੜ ਬਣਾਈ ਪਕੜ, ਕਰਨਾਟਕ 'ਚ ਹਾਰ ਮਗਰੋਂ ਬੀਜੇਪੀ ਨੂੰ ਵੱਡਾ ਝਟਕਾ
ਕਰਨਾਟਕ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਹੁਣ ਤੱਕ ਦੀ ਗਿਣਤੀ 'ਚ ਪਾਰਟੀ 133 ਤੋਂ ਵੱਧ ਸੀਟਾਂ ਜਿੱਤ ਰਹੀ ਹੈ ਜਦੋਂਕਿ 224 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 113 ਸੀਟਾਂ ਚਾਹੀਦੀਆਂ ਹਨ। ਬੀਜੇਪੀ 65 ਸੀਟਾਂ ਉੱਪਰ ਸਿਮਟਦੀ ਨਜ਼ਰ...
Karnataka Election Results: ਕਰਨਾਟਕ 'ਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ। ਹੁਣ ਤੱਕ ਦੀ ਗਿਣਤੀ 'ਚ ਪਾਰਟੀ 133 ਤੋਂ ਵੱਧ ਸੀਟਾਂ ਜਿੱਤ ਰਹੀ ਹੈ ਜਦੋਂਕਿ 224 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 113 ਸੀਟਾਂ ਚਾਹੀਦੀਆਂ ਹਨ। ਬੀਜੇਪੀ 65 ਸੀਟਾਂ ਉੱਪਰ ਸਿਮਟਦੀ ਨਜ਼ਰ ਆ ਰਹੀ ਹੈ। ਇਸ ਜਿੱਤ ਨਾਲ ਕਾਂਗਰਸ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ। ਬੀਜੇਪੀ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਉਧਰ, ਕਾਂਗਰਸ ਦਾ ਡਰ ਖਤਮ ਨਹੀਂ ਹੋਇਆ। ਕਾਂਗਰਸ ਨੇ ਹੈਦਰਾਬਾਦ ਵਿੱਚ ਵਿਧਾਇਕਾਂ ਨੂੰ ਰੱਖਣ ਲਈ 5 ਸਟਾਰ ਰਿਜ਼ੋਰਟ ਵਿੱਚ 50 ਕਮਰੇ ਬੁੱਕ ਕਰਵਾਏ ਹਨ। ਕਾਂਗਰਸ ਨੇਤਾ ਬੀਕੇ ਹਰੀਪ੍ਰਸਾਦ ਨੇ ਏਬੀਪੀ ਨਿਊਜ਼ ਕੋਲ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਅਜਿਹਾ ਭਾਜਪਾ ਦੇ ਆਪਰੇਸ਼ਨ ਲੋਟਸ ਤੋਂ ਬਚਣ ਲਈ ਕੀਤਾ ਗਿਆ ਹੈ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜਿੱਤ ਉੱਪਰ ਖੁਸ਼ੀ ਜ਼ਾਹਰ ਕਰਦਿਆਂ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਜਿਵੇਂ ਹੀ ਕਰਨਾਟਕ ਵਿੱਚ ਨਤੀਜੇ ਆਏ, ਇਨ੍ਹਾਂ ਨਾਲ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ ਦੀ ਜਿੱਤ ਹੋਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਰ ਗਏ ਹਨ।
ਕਰਨਾਟਕ ਦੀ ਹਾਰ ਬੀਜੇਪੀ ਲਈ ਵੱਡਾ ਝਟਕਾ ਹੈ। ਦੱਖਣੀ ਭਾਰਤ ਦੇ ਰਾਜਾਂ ਵਿੱਚੋਂ ਕਰਨਾਟਕ ਭਾਜਪਾ ਲਈ ਸਭ ਤੋਂ ਮਜ਼ਬੂਤ ਰਾਜ ਮੰਨਿਆ ਜਾਂਦਾ ਹੈ। ਇੱਥੇ ਭਾਜਪਾ ਪਹਿਲਾਂ ਵੀ ਕਈ ਵਾਰ ਸਰਕਾਰ ਬਣਾ ਚੁੱਕੀ ਹੈ ਤੇ ਇਸ ਵੇਲੇ ਵੀ ਸੱਤਾ ਵਿੱਚ ਹੈ। ਅਗਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ 'ਚ ਭਾਜਪਾ ਦਾ ਕਰਨਾਟਕ ਵਿਧਾਨ ਸਭਾ ਚੋਣਾਂ ਹਾਰਨਾ ਖਤਰੇ ਦੀ ਘੰਟੀ ਹੈ। ਇਸ ਨਾਲ ਭਾਜਪਾ ਲਈ ਦੱਖਣੀ ਭਾਰਤ ਦੇ ਹੋਰ ਰਾਜਾਂ- ਤੇਲੰਗਾਨਾ, ਤਾਮਿਲਨਾਡੂ, ਕੇਰਲ ਤੇ ਆਂਧਰਾ ਪ੍ਰਦੇਸ਼ 'ਚ ਜਿੱਤਣਾ ਵੱਡੀ ਚੁਣੌਤੀ ਹੋਵੇਗੀ ਜਿਸ ਦਾ ਸਿੱਧਾ ਅਸਰ 2024 ਦੀਆਂ ਲੋਕ ਸਭਾ ਚੋਣਾਂ 'ਤੇ ਪਵੇਗਾ।
ਦੱਸ ਦੇਈਏ ਕਿ ਕਰਨਾਟਕ, ਤਾਮਿਲਨਾਡੂ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਪੁਡੂਚੇਰੀ ਵਿੱਚ ਕੁੱਲ 130 ਲੋਕ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਕੋਲ ਫਿਲਹਾਲ ਸਿਰਫ਼ 29 ਸੀਟਾਂ ਹਨ। ਇਸ ਵਿੱਚੋਂ ਇਕੱਲੇ ਕਰਨਾਟਕ ਤੋਂ ਉਸ ਨੂੰ 25 ਸੀਟਾਂ ਹਨ। ਤੇਲੰਗਾਨਾ ਤੋਂ ਭਾਜਪਾ ਦੇ ਚਾਰ ਸੰਸਦ ਮੈਂਬਰ ਹਨ। ਇਹ ਸਪੱਸ਼ਟ ਹੈ ਕਿ ਕਰਨਾਟਕ ਵਿੱਚ ਭਾਜਪਾ ਦੀ ਹਾਰ ਨਾਲ ਦੱਖਣੀ ਭਾਰਤ ਦੇ ਹੋਰ ਰਾਜਾਂ ਵਿੱਚ ਖਾਤੇ ਖੋਲ੍ਹਣੇ ਮੁਸ਼ਕਲ ਹੋ ਜਾਣਗੇ।