ਡੇਰਾ ਸਿਰਸਾ ਮੁਖੀ ਵਿਰੁੱਧ ਰਣਜੀਤ ਕਤਲ ਕੇਸ ’ਚ ਬਹਿਸ ਮੁਕੰਮਲ, 18 ਅਗਸਤ ਨੂੰ ਰਾਮ ਰਹੀਮ ਦੀ ਪੇਸ਼ੀ
ਰਣਜੀਤ ਸਿੰਘ ਕਤਲ ਕੇਸ ’ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵਿਰੁੱਧ ਦੋਵੇਂ ਧਿਰਾਂ ਦੇ ਵਕੀਲਾਂ ਦੀ ਜਿਰ੍ਹਾ ਕੱਲ੍ਹ ਵੀਰਵਾਰ ਨੂੰ ਖ਼ਤਮ ਹੋ ਗਈ। ਇਹ ਮਾਮਲਾ ਪੰਚਕੂਲਾ ਦੀ ਇੱਕ ਅਦਾਲਤ ’ਚ ਚੱਲ ਰਿਹਾ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਰਣਜੀਤ ਸਿੰਘ ਕਤਲ ਕੇਸ ’ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਵਿਰੁੱਧ ਦੋਵੇਂ ਧਿਰਾਂ ਦੇ ਵਕੀਲਾਂ ਦੀ ਜਿਰ੍ਹਾ ਕੱਲ੍ਹ ਵੀਰਵਾਰ ਨੂੰ ਖ਼ਤਮ ਹੋ ਗਈ। ਇਹ ਮਾਮਲਾ ਪੰਚਕੂਲਾ ਦੀ ਇੱਕ ਅਦਾਲਤ ’ਚ ਚੱਲ ਰਿਹਾ ਹੈ। ਸਰਕਾਰੀ ਵਕੀਲ ਨੇ ਆਪਣੀਆਂ ਸਾਰੀਆਂ ਦਲੀਲਾਂ ਅਦਾਲਤ ਸਾਹਵੇਂ ਰੱਖ ਦਿੱਤੀਆਂ ਹਨ; ਜਦਕਿ ਅਗਲੀ ਸੁਣਵਾਈ ਮੌਕੇ ਭਾਵ 18 ਅਗਸਤ ਨੂੰ ਸੀਬੀਆਈ ਦਾ ਵਕੀਲ ਆਪਣੀਆਂ ਦਲੀਲਾਂ ਅਦਾਲਤ ’ਚ ਪੇਸ਼ ਕਰੇਗਾ।
ਅਦਾਲਤ ਨੇ ਰੋਹਤਕ ਤੇ ਕੇਂਦਰੀ ਜੇਲ੍ਹ ਅੰਬਾਲਾ ਦੇ ਸੁਪਰਇੰਟੈਂਡੈਂਟਸ ਨੂੰ ਕਿਹਾ ਹੈ ਕਿ ਉਹ ਅਗਲੀ ਸੁਣਵਾਈ ਮੌਕੇ ਰਾਮ ਰਹੀਮ ਤੇ ਕ੍ਰਿਸ਼ਨ ਲਾਲ ਦੋਵਾਂ ਦੀ ਮੌਜੂਦਗੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਯਕੀਨੀ ਬਣਾਉਣ। ਦੱਸ ਦਈਏ ਕਿ ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦਾ ਕਤਲ 2002 ’ਚ ਹੋਇਆ ਸੀ। ਉਸ ਕਤਲ ਕੇਸ ਵਿੱਚ ਰਾਮ ਰਹੀਮ ਤੋਂ ਇਲਾਵਾ ਅਵਤਾਰ ਸਿੰਘ, ਇੰਦਰ ਸੈਨ, ਕ੍ਰਿਸ਼ਨ ਲਾਲ, ਜਸਬੀਰ ਸਿੰਘ ਤੇ ਸਬਦਿਲ ਸਿੰਘ ਵੀ ਮੁਲਜ਼ਮ ਹਨ।
ਸੀਬੀਆਈ ਦੀ ਚਾਰਜਸ਼ੀਟ ਅਨੁਸਾਰ ਰਾਮ ਰਹੀਮ ਨੇ ਇਹ ਸੋਚਿਆ ਸੀ ਕਿ ਡੇਰੇ ਅੰਦਰ ਰਹਿੰਦੀਆਂ ਜਿਹੜੀਆਂ ਕੁੜੀਆਂ ਨੇ ਆਪਣੇ ਜਿਨਸੀ ਸ਼ੋਸ਼ਣ ਬਾਰੇ ਚਿੱਠੀ ਲਿਖੀ ਸੀ, ਉਸ ਪਿੱਛੇ ਰਣਜੀਤ ਸਿੰਘ ਦਾ ਹੀ ਹੱਥ ਸੀ। ਇਸੇ ਲਈ ਊਸ ਦੇ ਕਤਲ ਦੀ ਸਾਜ਼ਿਸ਼ ਘੜ ਕੇ ਉਸ ਨੂੰ 10 ਜੁਲਾਈ, 2002 ਨੂੰ ਅੰਜਾਮ ਦਿੱਤਾ ਗਿਆ।
ਬਾਬਾ ਰਾਮ ਰਹੀਮ ਇਸ ਵੇਲੇ ਆਪਣੀਆਂ ਦੋ ਸ਼ਰਧਾਲੂ ਕੁੜੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੀ ਸਜ਼ਾ ਵੀ ਦਿੱਤੀ ਗਈ ਹੈ; ਜੋ ਨਾਲੋ-ਨਾਲ ਚੱਲ ਰਹੀ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਬਾਬਾ ਰਾਮ ਰਹੀਮ ਉੱਤੇ ਆਪਣੇ ਅਨੇਕ ਮਰਦ ਸ਼ਰਧਾਲੂਆਂ ਦੇ ਅੰਡਕੋਸ਼ ਵੱਢ ਕੇ ਉਨ੍ਹਾਂ ਉੱਤੇ ਤਸ਼ੱਦਦ ਢਾਹੁਣ ਦਾ ਮਾਮਲਾ ਵੀ ਚੱਲ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :