Bullets Fired: ਡੇਰੇ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਸਿਰਸਾ 'ਚ ਚੱਲੀਆਂ ਗੋਲੀਆਂ, 8 ਜਣਿਆਂ ਦੇ ਲੱਗੀ ਗੋਲੀ, ਬਚਾਉਣ ਆਈ ਪੁਲਿਸ 'ਤੇ ਵੀ ਫਾਇਰਿੰਗ
Dera Jiwan Nagar Bullets Fired:
Haryana Dera Jiwan Nagar Bullets Fired: ਹਰਿਆਣਾ ਦੇ ਸਿਰਸਾ ਵਿੱਚ ਨਾਮਧਾਰੀ ਡੇਰੇ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿੱਚ ਹਿੰਸਕ ਝੜਪ ਹੋ ਗਈ। ਜਿਸ ਨੇ ਖੂਨੀ ਰੂਪ ਧਾਰ ਲਿਆ, ਜ਼ਮੀਨ ਦੇ ਵਿਵਾਦ ਵਿਚਾਲੇ ਦੋਵਾਂ ਧਿਰਾਂ ਦਰਮਿਆਨ ਗੋਲੀਬਾਰੀ ਹੋਈ। ਜਿਸ ਵਿੱਚ 8 ਲੋਕ ਗੰਭੀਰ ਜ਼ਖਮੀ ਹੋ ਗਏ।
ਫਾਇਰਿੰਗ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਇਹਨਾਂ ਵੱਲੋਂ ਪੁਲਿਸ 'ਤੇ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਪੁਲਿਸ ਵਾਲਿਆਂ ਨੂੰ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਫਿਰ ਪੁਲਿਸ ਆਪਣੇ ਐਕਸ਼ਨ ਵਿੱਚ ਆਈ ਅਤੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ।
ਹਿੰਸਕ ਝੜਪ ਤੋਂ ਬਾਅਦ ਐੱਸਪੀ ਵਿਕਰਾਂਤ ਭੂਸ਼ਣ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਜੀਵਨ ਨਗਰ ਇਲਾਕੇ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਅਗਰੋਹਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਹੈ। ਕੈਂਪ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਅਜੇ ਵੀ ਹਥਿਆਰਾਂ ਸਮੇਤ ਖੇਤਾਂ ਵਿੱਚ ਲੁਕੇ ਹੋਏ ਹਨ।
ਪਿੰਡ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਨਾਮਧਾਰੀ ਸਿੱਖ ਭਾਈਚਾਰੇ ਵਿੱਚ ਦੋ ਧਾਮ ਹਨ। ਇਕ ਧਾਮ ਲੁਧਿਆਣਾ ਵਿਚ ਸ੍ਰੀ ਭੈਣੀ ਸਾਹਿਬ ਹੈ, ਜਿਸ ਦਾ ਪ੍ਰਬੰਧ ਸਤਿਗੁਰੂ ਉਦੈ ਸਿੰਘ ਕਰਦੇ ਹਨ। ਦੂਜਾ ਧਾਮ ਰਾਣੀਆ ਦੇ ਜੀਵਨ ਨਗਰ ਵਿੱਚ ਹੈ, ਇਸ ਡੇਰੇ ਦਾ ਪ੍ਰਬੰਧ ਉਦੈ ਸਿੰਘ ਦੇ ਭਰਾ ਠਾਕੁਰ ਦਲੀਪ ਸਿੰਘ ਨੇ ਕੀਤਾ।
ਅੱਜ ਸਵੇਰੇ ਸਤਿਗੁਰੂ ਉਦੈ ਸਿੰਘ ਦੇ ਪੈਰੋਕਾਰ ਡੇਰਾ ਜੀਵਨ ਨਗਰ ਦੇ ਨਾਲ ਲੱਗਦੀ 12 ਏਕੜ ਜ਼ਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਸਨ। ਉਨ੍ਹਾਂ ਨੇ ਜ਼ਮੀਨ ਦੁਆਲੇ ਚਿੱਟੇ ਝੰਡੇ ਲਗਾ ਦਿੱਤੇ। ਜ਼ਮੀਨ ਸ਼੍ਰੀ ਜੀਵਨ ਨਗਰ ਨਾਮਧਾਰੀ ਧਾਮ ਦੇ ਨਾਲ ਲੱਗਦੀ ਹੈ। ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਸ ਦੀ ਹੈ।
ਕਬਜ਼ੇ ਦੀ ਕੋਸ਼ਿਸ਼ ਦਾ ਪਤਾ ਲੱਗਦਿਆਂ ਹੀ ਦੂਜੀ ਧਿਰ ਉਥੇ ਪਹੁੰਚ ਗਈ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ। ਮਿੱਠੂ ਸਿੰਘ ਨੇ ਦੱਸਿਆ ਕਿ ਸਤਿਗੁਰੂ ਉਦੈ ਸਿੰਘ ਦੇ ਕਰੀਬ 250 ਪੈਰੋਕਾਰ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਤੋਂ ਬਾਅਦ ਪੈਰੋਕਾਰਾਂ ਨੇ ਡੇਰੇ 'ਤੇ ਹਮਲਾ ਕਰ ਦਿੱਤਾ।
ਚਸ਼ਮਦੀਦਾਂ ਮੁਤਾਬਕ ਇਸ ਤੋਂ ਬਾਅਦ ਦੋਵੇਂ ਧੜਿਆਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਉਨ੍ਹਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ਵਿੱਚ 8 ਲੋਕਾਂ ਨੂੰ ਗੋਲੀ ਲੱਗੀ ਸੀ। ਮਾਹੌਲ ਇੰਨਾ ਖਰਾਬ ਹੋ ਗਿਆ ਕਿ ਰੌਲਾ ਪੈ ਗਿਆ।