ਪੀਐਮ ਮੋਦੀ ਵੱਲੋਂ ਦੀਵਾਲੀ ਦਾ ਤੋਹਫਾ, 10 ਲੱਖ ਲੋਕਾਂ ਨੂੰ ਨੌਕਰੀ, ਕੱਲ੍ਹ 75,000 ਉਮੀਦਵਾਰਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ
ਪੀਐਮ ਮੋਦੀ ਵੱਲੋਂ 10 ਲੱਖ ਲੋਕਾਂ ਦੀ ਭਰਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹ 22 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 10 ਲੱਖ ਲੋਕਾਂ ਦੀ ਭਰਤੀ ਲਈ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੁਜਗਾਰ ਦਾ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਪੀਐਮ ਮੋਦੀ ਵੱਲੋਂ 10 ਲੱਖ ਲੋਕਾਂ ਦੀ ਭਰਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹ 22 ਅਕਤੂਬਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 10 ਲੱਖ ਲੋਕਾਂ ਦੀ ਭਰਤੀ ਲਈ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ ਤੇ ਸਮਾਰੋਹ ਦੌਰਾਨ 75,000 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੇ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੋਵੇਗਾ। ਬੇਰੁਜ਼ਗਾਰੀ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀ ਵਿਰੋਧੀ ਧਿਰ ਵੱਲੋਂ ਲਗਾਤਾਰ ਆਲੋਚਨਾ ਕੀਤੀ ਜਾ ਰਹੀ ਹੈ।
ਇਸ ਮੁਹਿੰਮ ਨਾਲ ਭਾਜਪਾ ਨੂੰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਦਾ ਟਾਕਰਾ ਕਰਨ ’ਚ ਸਹਾਇਤਾ ਮਿਲੇਗੀ। ਇਸ ਸਾਲ ਜੂਨ ਵਿੱਚ ਮੋਦੀ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਮੰਤਰਾਲਿਆਂ ਨੂੰ ਅਗਲੇ ਡੇਢ ਸਾਲ ਵਿੱਚ 10 ਲੱਖ ਲੋਕਾਂ ਦੀ ਭਰਤੀ ਕਰਨ ਲਈ ਕਿਹਾ ਸੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਸਾਰੇ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ’ਚ ਖਾਲੀ ਪਏ ਅਹੁਦਿਆਂ ਦੀ ਸਮੀਖਿਆ ਕਰਨ ਮਗਰੋਂ ਮੋਦੀ ਵੱਲੋਂ ਨਿਰਦੇਸ਼ ਜਾਰੀ ਹੋਏ ਹਨ। ਦੇਸ਼ ਭਰ ’ਚੋਂ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਕੇਂਦਰ ਸਰਕਾਰ ਦੇ 38 ਮੰਤਰਾਲਿਆਂ ਜਾਂ ਵਿਭਾਗਾਂ ’ਚ ਗਰੁੱਪ ਏ ਤੇ ਬੀ (ਗਜ਼ਟਿਡ), ਗਰੁੱਪ ਬੀ (ਨਾਨ ਗਜ਼ਟਿਡ) ਤੇ ਗਰੁੱਪ ਸੀ ’ਚ ਵੱਖ ਵੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਜਾਵੇਗਾ।
ਜਿਹੜੇ ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ, ਉਨ੍ਹਾਂ ’ਚ ਕੇਂਦਰੀ ਹਥਿਆਰਬੰਦ ਬਲ ’ਚ ਸਬ-ਇੰਸਪੈਕਟਰ, ਕਾਂਸਟੇਬਲ, ਐਲਡੀਸੀ, ਸਟੈਨੋ, ਪੀਏ, ਇਨਕਮ ਟੈਕਸ ਇੰਸਪੈਕਟਰ ਤੇ ਐਮਟੀਐਸ ਆਦਿ ਸ਼ਾਮਲ ਹਨ। ਇਹ ਨਿਯੁਕਤੀਆਂ ਮੰਤਰਾਲਿਆਂ ਤੇ ਵਿਭਾਗਾਂ ਵੱਲੋਂ ਖੁਦ ਜਾਂ ਯੂਪੀਐਸਸੀ, ਐਸਐਸਸੀ ਤੇ ਰੇਲਵੇ ਭਰਤੀ ਬੋਰਡ ਜਿਹੀਆਂ ਏਜੰਸੀਆਂ ਰਾਹੀਂ ਕੀਤੀ ਜਾਂਦੀ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।