ਬੈਂਕ ਨਾਲ 155 ਕਰੋੜ ਦੀ ਧੋਖਾਧੜੀ ਕਰਨ ਵਾਲੀ ਕੰਪਨੀ 'ਤੇ ਈਡੀ ਨੇ ਕੀਤੀ ਕਾਰਵਾਈ, ਕਰੋੜਾਂ ਦੀ ਜਾਇਦਾਦ ਜ਼ਬਤ
Bank Fraud : ਈਡੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ ਵੱਲੋਂ ਕੀਤੇ ਗਏ ਕੇਸ ਦੇ ਆਧਾਰ 'ਤੇ ਈਡੀ ਕੋਲ ਜਾਂਚ ਲਈ ਆਇਆ ਸੀ।
Bank Fraud : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੈਂਕ ਨਾਲ 155 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਡਾਇਰੈਕਟਰਾਂ ਦੀ ਲਗਭਗ 7.50 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਦੋਸ਼ ਹੈ ਕਿ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਕੰਪਨੀ ਨੇ 155 ਕਰੋੜ ਰੁਪਏ ਗਲਤ ਤਰੀਕੇ ਨਾਲ ਟਰਾਂਸਫਰ ਕੀਤੇ ਸਨ।
ਈਡੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਕੇਂਦਰੀ ਜਾਂਚ ਬਿਊਰੋ ਵੱਲੋਂ ਕੀਤੇ ਗਏ ਕੇਸ ਦੇ ਆਧਾਰ 'ਤੇ ਈਡੀ ਕੋਲ ਜਾਂਚ ਲਈ ਆਇਆ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਮਹੇਸ਼ ਟਿੰਬਰ ਇਸ ਦੇ ਡਾਇਰੈਕਟਰ ਅਸ਼ੋਕ ਕੁਮਾਰ ਮਿੱਤਲ ਅਤੇ ਹੋਰਨਾਂ ਖ਼ਿਲਾਫ਼ ਕਈ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਕ੍ਰੈਡਿਟ ਲਿਮਿਟ ਸਿਰਫ 21 ਕਰੋੜ 45 ਲੱਖ ਸੀ
ਇਸ ਮਾਮਲੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ ਨੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ 173 ਕਰੋੜ ਰੁਪਏ ਤੋਂ ਵੱਧ ਵਿਦੇਸ਼ ਭੇਜੇ ਸਨ, ਜਦੋਂ ਕਿ ਉਨ੍ਹਾਂ ਦੀ ਅਸਲ ਕਰਜ਼ਾ ਹੱਦ ਸਿਰਫ਼ 21 ਕਰੋੜ 45 ਲੱਖ ਰੁਪਏ ਸੀ। ਇਸ ਕਾਰਨ ਬੈਂਕ ਨੂੰ 155 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪੰਜਾਬ ਵਿੱਚ ਅਚੱਲ ਜਾਇਦਾਦਾਂ ਵੀ ਖਰੀਦੀਆਂ ਗਈਆਂ
ਜਾਂਚ ਦੌਰਾਨ ਪਤਾ ਲੱਗਾ ਕਿ ਬੈਂਕ ਦੇ ਕਰਜ਼ੇ ਦੀ ਇਹ ਰਕਮ ਇਸ ਕੰਪਨੀ ਦੇ ਡਾਇਰੈਕਟਰਾਂ ਨੂੰ ਸਿੰਗਾਪੁਰ ਸਥਿਤ ਹੋਰ ਕੰਪਨੀਆਂ ਅਤੇ ਹੋਰ ਥਾਵਾਂ 'ਤੇ ਟਰਾਂਸਫਰ ਕੀਤੀ ਗਈ ਸੀ। ਇਹ ਵੀ ਦੋਸ਼ ਹੈ ਕਿ ਇਸ ਪੈਸੇ ਰਾਹੀਂ ਪੰਜਾਬ ਵਿੱਚ ਅਚੱਲ ਜਾਇਦਾਦਾਂ ਵੀ ਖਰੀਦੀਆਂ ਗਈਆਂ। ਜਾਂਚ ਦੌਰਾਨ ਈਡੀ ਨੂੰ 7 ਕਰੋੜ 52 ਲੱਖ ਰੁਪਏ ਦੀਆਂ ਅਚੱਲ ਜਾਇਦਾਦਾਂ ਬਾਰੇ ਪਤਾ ਲੱਗਾ, ਜੋ ਪੰਜਾਬ ਦੇ ਮਾਨਸਾ ਵਿੱਚ ਸਥਿਤ ਸਨ। ਈਡੀ ਨੇ ਸ਼ੁਰੂਆਤੀ ਤੌਰ 'ਤੇ ਇਹ ਜਾਇਦਾਦਾਂ ਕੁਰਕ ਕੀਤੀਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।