ਵੱਡੀ ਖ਼ਬਰ ! ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦਾ ਦੇਹਾਂਤ
: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ।
Chandigarh News: ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ (OM Prakash Chautala) ਦਾ ਸ਼ੁੱਕਰਵਾਰ (20 ਦਸੰਬਰ) ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਗੁਰੂਗ੍ਰਾਮ ਸਥਿਤ ਆਪਣੀ ਰਿਹਾਇਸ਼ 'ਤੇ ਆਖ਼ਰੀ ਸਾਹ ਲਿਆ। ਉਹ 89 ਸਾਲ ਦੇ ਸਨ। ਚੌਟਾਲਾ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ।
ਉਹ ਪਹਿਲੀ ਵਾਰ 2 ਦਸੰਬਰ 1989 ਨੂੰ ਮੁੱਖ ਮੰਤਰੀ ਬਣੇ ਤੇ 171 ਦਿਨ ਇਸ ਅਹੁਦੇ 'ਤੇ ਰਹੇ। ਇਸ ਤੋਂ ਬਾਅਦ ਉਹ 12 ਜੁਲਾਈ 1990 ਨੂੰ ਮੁੱਖ ਮੰਤਰੀ ਬਣੇ ਤੇ ਪੰਜ ਦਿਨ ਤੱਕ ਮੁੱਖ ਮੰਤਰੀ ਰਹੇ।
ਇਸ ਤੋਂ ਬਾਅਦ ਉਹ 22 ਮਾਰਚ 1991 ਨੂੰ ਮੁੜ ਮੁੱਖ ਮੰਤਰੀ ਬਣੇ ਅਤੇ 15 ਦਿਨ ਤੱਕ ਰਹੇ। ਓਮ ਪ੍ਰਕਾਸ਼ ਚੌਟਾਲਾ 24 ਜੁਲਾਈ 1999 ਨੂੰ ਮੁੜ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਅਤੇ 2 ਮਾਰਚ 2000 ਤੱਕ ਰਹੇ ਫਿਰ ਉਨ੍ਹਾਂ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ। ਭਾਵ ਉਹ 2005 ਤੱਕ ਮੁੱਖ ਮੰਤਰੀ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ''ਇਨੈਲੋ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ ਬੇਹੱਦ ਦੁਖਦ ਹੈ। ਉਨ੍ਹਾਂ ਨੇ ਸਾਰੀ ਉਮਰ ਰਾਜ ਅਤੇ ਸਮਾਜ ਦੀ ਸੇਵਾ ਕੀਤੀ, ਇਹ ਦੇਸ਼ ਅਤੇ ਹਰਿਆਣਾ ਰਾਜ ਦੀ ਰਾਜਨੀਤੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ''ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ ਹੈ। ਸੂਬੇ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਮੇਰੀ ਸੰਵੇਦਨਾ ਦੁਖੀ ਪਰਿਵਾਰ ਨਾਲ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਓਮ ਸ਼ਾਂਤੀ!”
ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ, “ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਸਾਡੇ ਸਹਿਯੋਗੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਦੇਹਾਂਤ ਦੀ ਖਬਰ ਦੁਖਦਾਈ ਹੈ। ਉਨ੍ਹਾਂ ਨਾਲ ਸਾਡੇ ਪਰਿਵਾਰਕ ਸਬੰਧ ਸਨ ਅਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੂਬੇ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਮੈਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।