Punjab By Election: ਗਿੱਦੜਬਾਹਾ ਵਾਲਿਆਂ ਨੇ ਚੱਕੇ ਵੋਟਾਂ ਦੇ ਫੱਟੇ, ਚੱਬੇਵਾਲ ਤੇ ਬਰਨਾਲਾ 'ਚ ਕੰਮ ਠੰਢਾ, ਡੇਰਾ ਬਾਬਾ ਨਾਨਕ ਵਾਲਿਆਂ ਵੀ ਲਾਹਿਆ ਗੁੱਸਾ
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਦੀ ਚੱਬੇਵਾਲ ਤੇ ਮੁਕਤਸਰ ਦੀ ਗਿੱਦੜਬਾਹਾ ਸੀਟਾਂ ਸ਼ਾਮਲ ਹਨ।
Punjab By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ, ਹੁਸ਼ਿਆਰਪੁਰ ਦੀ ਚੱਬੇਵਾਲ ਤੇ ਮੁਕਤਸਰ ਦੀ ਗਿੱਦੜਬਾਹਾ ਸੀਟਾਂ ਸ਼ਾਮਲ ਹਨ। ਸਭ ਤੋਂ ਵੱਧ ਵੋਟਿੰਗ ਗਿੱਦੜਬਾਹਾ ਵਿੱਚ ਹੋ ਰਹੀ ਹੈ। ਦੁਪਹਿਰ ਤਿੰਨ ਵਜੇ ਤੱਕ ਗਿੱਦੜਬਾਹਾ ਵਿੱਚ 65.8% ਫੀਸਦੀ ਤੋਂ ਵੱਧ ਵੋਟਿਗ ਹੋ ਗਈ ਸੀ ਜਦਕਿ ਚੱਬੇਵਾਲ ਤੇ ਬਰਨਾਲਾ ਵਿੱਚ ਕੰਮ ਠੰਢਾ ਨਜ਼ਰ ਆਇਆ। ਦੁਪਹਿਰ ਤਿੰਨ ਵਜੇ ਤੱਕ ਚੱਬੇਵਾਲ ਤੇ ਬਰਨਾਲਾ ਵਿੱਚ ਕਰੀਬ 40 ਫੀਸਦੀ ਹੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਵਿੱਚ ਵੀ ਮਾਹੌਲ ਤੱਤਾ ਰਿਹਾ। ਇੱਥੇ ਦੁਪਹਿਰ ਇੱਕ ਵਜੇ ਤੱਕ 52 ਫੀਸਦੀ ਵੋਟਿੰਗ ਹੋਈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਦੌਰਾਨ ਦੁਪਹਿਰ 3 ਵਜੇ ਤੱਕ ਗਿੱਦੜਬਾਹਾ ਵਿੱਚ 65.8% ਫੀਸਦੀ, ਡੇਰਾ ਬਾਬਾ ਨਾਨਕ ਵਿੱਚ 52.3 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੋਟਰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਹਨ। ਵੋਟਿੰਗ ਪ੍ਰਕਿਰਿਆ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਚੱਬੇਵਾਲ ਸੀਟ 'ਤੇ 40.25 ਫੀਸਦੀ ਵੋਟਿੰਗ ਹੋਈ। ਡੇਰਾ ਬਾਬਾ ਨਾਨਕ ਦੇ ਮੁਕਾਬਲੇ ਚੱਬੇਵਾਲ ਸੀਟ 'ਤੇ ਵੋਟਿੰਗ 12 ਫੀਸਦੀ ਘੱਟ ਹੋਈ ਹੈ। ਇਸ ਦੇ ਨਾਲ ਹੀ ਬਰਨਾਲਾ ਸੀਟ 'ਤੇ ਦੁਪਹਿਰ ਤੱਕ 40 ਫੀਸਦੀ ਵੋਟਿੰਗ ਹੋਈ।
ਦੱਸ ਦਈਏ ਕਿ ਵੋਟਾਂ ਵਾਸਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਜ਼ਿਮਨੀ ਚੋਣਾਂ ਲਈ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ 831 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ’ਤੇ ਪੋਲਿੰਗ ਅਮਲੇ ਦੇ 3868 ਮੈਂਬਰ ਲਾਏ ਗਏ ਹਨ। ਜ਼ਿਮਨੀ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 17 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ 6481 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਸਾ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਜ਼ਿਮਨੀ ਚੋਣਾਂ ਪ੍ਰਮੁੱਖ ਸਿਆਸੀ ਧਿਰਾਂ ਲਈ ਕਾਫੀ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਇਹ ਇੱਕ ਸਿਆਸੀ ਪਰਖ ਵੀ ਬਣਨਗੀਆਂ। ਚਾਰ ਹਲਕਿਆਂ ਤੋਂ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਅੱਜ ਕੁੱਲ 6,96,965 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿੱਚ 3968 ਸਰਵਿਸ ਵੋਟਰ ਤੇ 41 ਐਨਆਰਆਈ ਵੋਟਰ ਵੀ ਸ਼ਾਮਲ ਹਨ। 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 6459 ਹੈ।
1. ਡੇਰਾ ਬਾਬਾ ਨਾਨਕ
ਇਸ ਹਲਕੇ ਤੋਂ ਜਤਿੰਦਰ ਕੌਰ ਕਾਂਗਰਸ ਦੀ ਉਮੀਦਵਾਰ ਹੈ। ਉਹ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਹੈ। ਜਦਕਿ ਗੁਰਦੀਪ ਸਿੰਘ ਰੰਧਾਵਾ (ਆਪ) ਦੇ ਉਮੀਦਵਾਰ ਹਨ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦੇ ਪਿਤਾ ਵਿਧਾਨ ਸਭਾ ਸਪੀਕਰ ਰਹਿ ਚੁੱਕੇ ਹਨ।
2. ਚੱਬੇਵਾਲ
ਇੱਥੋਂ 'ਆਪ' ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦਾ ਪੁੱਤਰ ਇਸ਼ਾਂਕ ਉਮੀਦਵਾਰ ਹੈ। ਉਨ੍ਹਾਂ ਦੇ ਪਿਤਾ ਪਹਿਲਾਂ ਇੱਥੋਂ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਜਪਾ ਵੱਲੋਂ ਸਾਬਕਾ ਅਕਾਲੀ ਆਗੂ ਤੇ ਮੰਤਰੀ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
3. ਬਰਨਾਲਾ
ਇਸ ਸੀਟ 'ਤੇ 'ਆਪ' ਤੋਂ ਹਰਿੰਦਰ ਸਿੰਘ ਧਾਲੀਵਾਲ ਚੋਣ ਲੜ ਰਹੇ ਹਨ, ਜੋ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਹਨ। ਇਸੇ ਤਰ੍ਹਾਂ ਭਾਜਪਾ ਨੇ ਕਾਂਗਰਸ ਛੱਡ ਕੇ ਆਏ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਢਿੱਲੋਂ ਤੇ ਕਾਂਗਰਸ ਨੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ।
4. ਗਿੱਦੜਬਾਹਾ
ਇਸ ਹਲਕੇ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵਡਿੰਗ ਕਾਂਗਰਸ ਵੱਲੋਂ ਉਮੀਦਵਾਰ ਹੈ। ਜਦਕਿ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ।