ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਵੱਡਾ ਫੈਸਲਾ, ਲੱਖਾਂ ਵਾਹਨ ਮਾਲਕਾਂ ਨੂੰ ਇਸ ਤਰ੍ਹਾਂ ਹੋਵੇਗਾ ਫਾਇਦਾ
ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਵਿੱਚ ਸੀਐਨਜੀ ਅਤੇ ਐਲਪੀਜੀ ਕਿੱਟ ਦੀ ਰੀਟਰੋਫਿਟਮੈਂਟ ਦੀ ਇਜਾਜ਼ਤ ਦਿੱਤੀ ਹੈ ,ਜੋ BS-VI ਨਿਕਾਸੀ ਨਿਯਮਾਂ ਦੀ ਪਾਲਣਾ ਕਰਦੇ ਹਨ।ਹੁਣ ਤੱਕ ਅਜਿਹੇ ਸੋਧਾਂ ਦੀ ਇਜਾਜ਼ਤ ਸਿਰਫ਼ ਉਨ੍ਹਾਂ ਵਾਹਨਾਂ ਵਿੱਚ ਦਿੱਤੀ ਜਾਂਦੀ ਹੈ ,ਜੋ BS-IV ਨਿਕਾਸੀ ਨਿਯਮਾਂ ਦੀ ਪਾਲਣਾ ਕਰਦੇ ਹਨ।
ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ BS6 (BS-VI) ਮਾਨਕ ਵਾਲੇ ਵਾਹਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਮੰਤਰਾਲੇ ਦੇ ਇਸ ਫੈਸਲੇ ਨਾਲ ਲੱਖਾਂ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ। ਇਕੱਲੇ ਦਿੱਲੀ ਵਿਚ ਹੀ ਕਰੀਬ ਚਾਰ ਲੱਖ ਵਾਹਨ ਮਾਲਕਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇਹ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਵੀ ਮਦਦ ਕਰੇਗਾ। ਮੰਤਰਾਲੇ ਨੇ ਇਸ ਨਾਲ ਸਬੰਧਤ ਗਜ਼ਟ ਜਾਰੀ ਕਰ ਦਿੱਤਾ ਹੈ, ਯਾਨੀ ਇਹ ਨਿਯਮ ਬਣ ਗਿਆ ਹੈ।
ਦੇਸ਼ ਵਿੱਚ BS6 ਮਾਨਕ ਵਾਲੇ ਵਾਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ। ਹੁਣ ਤੱਕ ਇਨ੍ਹਾਂ ਵਾਹਨਾਂ ਵਿੱਚ ਸੀਐਨਜੀ ਕਿੱਟ ਲਗਾਉਣ ਦਾ ਕੋਈ ਨਿਯਮ ਨਹੀਂ ਸੀ। ਕਈ ਕੰਪਨੀਆਂ ਦੇ BS6 ਵਾਹਨਾਂ ਦੇ ਮਾਡਲ ਹਨ, ਜਿਨ੍ਹਾਂ 'ਚ CNG ਮਾਡਲ ਨਹੀਂ ਆਉਂਦਾ। ਲੋਕ ਪਸੰਦ ਜਾਂ ਮਜਬੂਰੀ ਵਿੱਚ BS6 ਦੇ ਅਜਿਹੇ ਮਾਡਲ ਖਰੀਦ ਰਹੇ ਸਨ ਅਤੇ ਪੈਟਰੋਲ 'ਤੇ ਵੀ ਚਲਾ ਰਹੇ ਸਨ। ਇਸ ਕਾਰਨ ਜਿੱਥੇ ਇਕ ਪਾਸੇ ਵਾਹਨ ਮਾਲਕਾਂ ਦਾ ਬਜਟ ਖਰਾਬ ਹੋਇਆ, ਉਥੇ ਹੀ ਇਹ ਵਾਤਾਵਰਣ ਲਈ ਵੀ ਠੀਕ ਨਹੀਂ ਰਿਹਾ, ਕਿਉਂਕਿ CNG ਪੈਟਰੋਲ ਨਾਲੋਂ ਘੱਟ ਪ੍ਰਦੂਸ਼ਣ ਪੈਦਾ ਕਰਦੀ ਹੈ।
ਮੰਤਰਾਲਾ ਨੇ ਜਨਵਰੀ 'ਚ ਇਸ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ 'ਚ ਸੁਝਾਅ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਹੁਣ ਇਸ ਦਾ ਗਜ਼ਟ ਜਾਰੀ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਲੱਖਾਂ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ ਪਰ ਦਿੱਲੀ ਐਨਸੀਆਰ ਦੇ ਡਰਾਈਵਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਕਿਉਂਕਿ ਇੱਥੇ ਜ਼ਿਆਦਾਤਰ ਸੀਐਨਜੀ ਵਾਹਨ ਚੱਲਦੇ ਹਨ।
2020 ਵਿੱਚ ਬਾਜ਼ਾਰ ਵਿੱਚ BS-VI ਦੇ ਵਾਹਨ
ਸਾਲ 2020 ਵਿੱਚ BS-VI ਪੈਟਰੋਲ ਵਾਹਨ ਬਾਜ਼ਾਰ ਵਿੱਚ ਆਉਣੇ ਸ਼ੁਰੂ ਹੋ ਗਏ ਸਨ ਪਰ ਇਨ੍ਹਾਂ ਵਾਹਨਾਂ ਵਿੱਚ CNG ਰੀਟਰੋਫਿਟ ਨਹੀਂ ਹੋ ਸਕਿਆ। ਮੰਤਰਾਲੇ ਵੱਲੋਂ ਇਸ ਸਬੰਧੀ ਕੋਈ ਨਿਯਮ ਨਹੀਂ ਸੀ। ਇਸ ਕਰਕੇ ਸੀਐਨਜੀ ਲਗਾਉਣਾ ਗ਼ੈਰਕਾਨੂੰਨੀ ਸੀ। ਬੱਸ ਅਤੇ ਕਾਰ ਆਪਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ (ਸੀਐਮਵੀਆਰ) ਦੇ ਚੇਅਰਮੈਨ ਗੁਰਮੀਤ ਸਿੰਘ ਤਨੇਜਾ ਨੇ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਦੇ ਇਸ ਫੈਸਲੇ ਨਾਲ ਲੱਖਾਂ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ। ਰਾਜਧਾਨੀ ਦਿੱਲੀ ਵਿੱਚ ਵੀ ਪ੍ਰਦੂਸ਼ਣ ਵਿੱਚ ਕਮੀ ਆਵੇਗੀ।