ਰਾਧਿਕਾ ਯਾਦਵ ਕਤਲਕਾਂਡ ‘ਚ ਆਇਆ ਨਵਾਂ ਮੋੜ! ਟੈਨਿਸ ਅਕੈਡਮੀ ਨੂੰ ਲੈਕੇ ਹੋਇਆ ਵੱਡਾ ਖੁਲਾਸਾ
Radhika Yadav Murder Case: ਗੁਰੂਗ੍ਰਾਮ ਦੇ ਸੈਕਟਰ 57 ਵਿੱਚ ਰਹਿਣ ਵਾਲੇ ਦੀਪਕ ਯਾਦਵ ਨੇ ਵੀਰਵਾਰ (10 ਜੁਲਾਈ) ਨੂੰ ਸੁਸ਼ਾਂਤ ਲੋਕ ਸਥਿਤ ਆਪਣੇ ਦੋ ਮੰਜ਼ਿਲਾ ਘਰ ਵਿੱਚ ਕਥਿਤ ਤੌਰ 'ਤੇ ਆਪਣੀ ਧੀ ਰਾਧਿਕਾ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਗੁਰੂਗ੍ਰਾਮ ਵਿੱਚ ਟੈਨਿਸ ਪਲੇਅਰ ਰਾਧਿਕਾ ਯਾਦਵ ਦੇ ਕਤਲ ਦੇ ਕਾਰਨਾਂ ਨੂੰ ਲੈਕੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ। ਇਸ ਦੌਰਾਨ, ਪੁਲਿਸ ਨੇ ਦਾਅਵਾ ਕੀਤਾ ਹੈ ਕਿ ਰਾਧਿਕਾ ਯਾਦਵ ਕੋਲ ਆਪਣੀ ਟੈਨਿਸ ਅਕੈਡਮੀ ਨਹੀਂ ਸੀ ਅਤੇ ਉਹ ਵੱਖ-ਵੱਖ ਥਾਵਾਂ 'ਤੇ ਟੈਨਿਸ ਕੋਰਟ ਬੁੱਕ ਕਰਕੇ ਖਿਡਾਰੀਆਂ ਨੂੰ ਸਿਖਲਾਈ ਦਿੰਦੀ ਸੀ। ਉਸ ਦੇ ਪਿਤਾ ਦੀਪਕ ਯਾਦਵ ਇਸ ਗੱਲ ਤੋਂ ਨਾਰਾਜ਼ ਸਨ। ਉਸ ਦੇ ਪਿਤਾ 'ਤੇ ਰਾਜ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਦਾ ਦੋਸ਼ ਹੈ।
ਇਸ ਕਤਲ ਕੇਸ ਦੀ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ, "ਰਾਧਿਕਾ ਦੀ ਆਪਣੀ ਅਕੈਡਮੀ ਨਹੀਂ ਸੀ। ਉਹ ਵੱਖ-ਵੱਖ ਥਾਵਾਂ 'ਤੇ ਟੈਨਿਸ ਕੋਰਟ ਬੁੱਕ ਕਰਕੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦਿੰਦੀ ਸੀ। ਦੀਪਕ ਨੇ ਉਸ ਨੂੰ ਕਈ ਵਾਰ ਸਿਖਲਾਈ ਦੇਣ ਲਈ ਮਨ੍ਹਾ ਕੀਤਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈਕੇ ਦੋਹਾਂ ਵਿਚਾਲੇ ਵਿਵਾਦ ਚੱਲਦਾ ਰਹਿੰਦਾ ਸੀ।
ਪਹਿਲਾ ਟੈਨਿਸ ਅਕੈਡਮੀ ਹੋਣ ਦਾ ਮਾਮਲਾ ਆਇਆ ਸੀ ਸਾਹਮਣੇ
ਇਸ ਤੋਂ ਪਹਿਲਾਂ ਰਾਧਿਕਾ ਦੇ ਟੈਨਿਸ ਅਕੈਡਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਕਿਹਾ ਸੀ ਕਿ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਅਤੇ ਉਸਦੇ ਪਿਤਾ ਇਸ ਦੇ ਵਿਰੁੱਧ ਸਨ। ਇਹ ਪਿਓ ਅਤੇ ਧੀ ਵਿਚਾਲੇ ਝਗੜੇ ਦਾ ਮਾਮਲਾ ਸੀ। ਪੁਲਿਸ ਪੁੱਛਗਿੱਛ ਦੌਰਾਨ, ਦੋਸ਼ੀ ਪਿਤਾ ਦੀਪਕ ਨੇ ਦੱਸਿਆ ਸੀ ਕਿ ਉਸ ਨੂੰ ਅਕਸਰ ਆਪਣੀ ਧੀ ਦੀ ਕਮਾਈ 'ਤੇ ਨਿਰਭਰ ਹੋਣ ਕਾਰਨ ਲੋਕਾਂ ਤੋਂ ਤਾਅਨੇ-ਮਿਹਣੇ ਮਿਲਦੇ ਰਹਿੰਦੇ ਸਨ। ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ।
ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਵੀਰਵਾਰ (10 ਜੁਲਾਈ) ਨੂੰ ਗੁਰੂਗ੍ਰਾਮ ਦੇ ਸੈਕਟਰ 57 ਦੇ ਸੁਸ਼ਾਂਤ ਲੋਕ ਵਿੱਚ ਸਥਿਤ ਇੱਕ ਦੋ ਮੰਜ਼ਿਲਾ ਘਰ ਵਿੱਚ ਵਾਪਰੀ। ਇਸ ਘਰ ਵਿੱਚ ਦੀਪਕ ਯਾਦਵ ਨੇ ਕਥਿਤ ਤੌਰ 'ਤੇ ਆਪਣੀ 25 ਸਾਲਾ ਧੀ ਰਾਧਿਕਾ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਧਿਕਾ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਕੱਢੀਆਂ ਗਈਆਂ ਹਨ।
ਪੁਲਿਸ ਦੇ ਅਨੁਸਾਰ, ਦੋਸ਼ੀ ਪਿਤਾ ਦੀਪਕ ਯਾਦਵ ਨੇ ਆਪਣੀ ਧੀ ਦੀ ਹੱਤਿਆ ਕਰਨ ਦਾ ਜ਼ੁਰਮ ਕਬੂਲ ਲਿਆ ਹੈ। ਦੋਸ਼ੀ ਨੂੰ ਸ਼ੁੱਕਰਵਾਰ (11 ਜੁਲਾਈ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਪੁਲਿਸ ਨੇ ਸੈਕਟਰ 57 ਸਥਿਤ ਉਸ ਦੇ ਘਰ ਤੋਂ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ਦੇ ਸਿਲਸਿਲੇ ਵਿੱਚ ਦੀਪਕ ਨੂੰ ਪਟੌਦੀ ਦੇ ਇੱਕ ਪਿੰਡ ਵੀ ਲਿਜਾਇਆ ਗਿਆ। ਹਾਲਾਂਕਿ, ਰਾਧਿਕਾ ਯਾਦਵ ਦਾ ਸਸਕਾਰ 11 ਜੁਲਾਈ ਨੂੰ ਵਜ਼ੀਰਾਬਾਦ ਸਥਿਤ ਉਸ ਦੇ ਪਿੰਡ ਵਿੱਚ ਕੀਤਾ ਗਿਆ ਸੀ।






















