ਕਿਸਾਨਾਂ ਵੱਲੋਂ PM ਮੋਦੀ ਦੇ ਵਿਰੋਧ ਤੋਂ ਹੇਮਾ ਮਾਲਿਨੀ ਹੈਰਾਨ! ਸੰਸਦ 'ਚ ਪੁੱਛਿਆ ਇਹ ਸਵਾਲ
ਹੇਮਾ ਮਾਲਿਨੀ ਨੇ ਕਿਹਾ ਕਿਸਾਨਾਂ ਦੀ ਜ਼ਿੰਦਗੀ 'ਚ ਬਦਲਾਅ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੇ ਫਾਇਦੇ ਲਈ ਅਨੇਕ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਤੇ ਜਾਰੀ ਪ੍ਰਦਰਸ਼ਨ ਨੂੰ 75 ਦਿਨ ਬੀਤ ਗਏ ਹਨ। ਅਜਿਹੇ 'ਚ ਸਿਆਸੀ ਹਸਤੀਆਂ ਦੇ ਨਾਲ-ਨਾਲ ਮਨੋਰੰਜਨ ਤੇ ਖੇਡ ਜਗਤ ਦੀਆਂ ਹਸਤੀਆਂ ਦੇ ਵੀ ਬਿਆਨ ਆ ਰਹੇ ਹਨ। ਹੁਣ ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਖੇਤੀ ਕਾਨੂੰਨਾਂ ਤੇ ਸਰਕਾਰ ਦੇ ਸਮਰਥਨ 'ਚ ਬਿਆਨ ਦਿੱਤਾ ਹੈ।
ਹੇਮਾ ਮਾਲਿਨੀ ਨੇ ਹਾਲ ਹੀ 'ਚ ਪੇਸ਼ ਬਜਟ ਨੂੰ ਆਤਮ ਨਿਰਭਰ ਭਾਰਤ ਦਾ ਬਜਟ ਦੱਸਦਿਆਂ ਕਿਹਾ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਲਈ ਏਨਾ ਜ਼ਿਆਦਾ ਕੰਮ ਕਰ ਰਹੇ ਹਨ ਤਾਂ ਉਹ ਕਿਸਾਨ ਵਿਰੋਧੀ ਕਿਵੇਂ ਹੋ ਸਕਦੇ ਹਨ। ਲੋਕ ਸਭਾ 'ਚ ਬਜਟ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਹੇਮਾ ਮਾਲਿਨੀ ਨੇ ਕਿਹਾ, 'ਇਹ ਆਤਮ ਨਿਰਭਰ ਭਾਰਤ ਦਾ ਬਜਟ ਹੈ। ਇਹ ਦੇਸ਼ ਨੂੰ ਬਦਲਣ ਵਾਲਾ ਬਜਟ ਹੈ।'
ਉਨ੍ਹਾਂ ਕਿਹਾ ਇਤਿਹਾਸ 'ਚ ਪਹਿਲੀ ਵਾਰ ਸਿਹਤ ਖੇਤਰ 'ਚ ਬਜਟ 'ਚ 137 ਫੀਸਦ ਦਾ ਵਾਧਾ ਦਰਜ ਕੀਤਾ ਗਿਆ। ਬੀਜੇਪੀ MP ਨੇ ਕਿਹਾ ਕਿ ਪਿਛਲੇ ਸਾਢੇ ਛੇ ਸਾਲਾਂ 'ਚ ਗਰੀਬੀ ਲਈ ਕਈ ਯੋਜਨਾਵਾਂ ਲਿਆਂਦੀਆਂ ਤਾਂ ਸਾਰੇ ਲੋਕ ਸਨਮਾਨ ਨਾਲ ਜ਼ਿੰਦਗੀ ਜਿਉਂ ਸਕਣ।
ਹੇਮਾ ਮਾਲਿਨੀ ਨੇ ਕਿਹਾ ਕਿਸਾਨਾਂ ਦੀ ਜ਼ਿੰਦਗੀ 'ਚ ਬਦਲਾਅ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੇ ਫਾਇਦੇ ਲਈ ਅਨੇਕ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ, 'ਜੋ ਪ੍ਰਧਾਨ ਮੰਤਰੀ ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ ਤਾਂ ਫਿਰ ਉਹ ਕਿਸਾਨ ਵਿਰੋਧੀ ਕਿਵੇਂ ਹੋ ਗਏ ਹਨ।'
ਮਥੁਰਾ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਸਦ 'ਚ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਹੋਣ ਦਿਉ ਤੇ ਕੁਝ ਕਮੀ ਹੋਵੇਗੀ ਤਾਂ ਇਸ ਨੂੰ ਸੁਧਾਰਿਆ ਜਾਵੇਗਾ ਪਰ ਕੋਈ ਮੰਨਣ ਲਈ ਤਿਆਰ ਨਹੀਂ।