Himachal Pradesh 'ਚ ਸਿਆਸੀ ਸ਼ਨੀਵਾਰ, ਨੱਡਾ ਨੇ ਕਾਂਗੜਾ 'ਚ ਵਰਕਰਾਂ ਨਾਲ ਕੀਤੀ ਮੁਲਾਕਾਤ, ਕੇਜਰੀਵਾਲ ਕਰਨਗੇ ਰੈਲੀ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਸ਼ਨੀਵਾਰ ਨੂੰ ਕਾਂਗੜਾ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ, ਜਦਕਿ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਕਾਂਗੜਾ ਪੁੱਜਣਗੇ।
JP Nadda and Arvind Kejriwal in Kangra: ਹਿਮਾਚਲ ਪ੍ਰਦੇਸ਼ 'ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਤਿਆਰੀ ਕਰ ਲਈ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਹਿਮਾਚਲ ਪ੍ਰਦੇਸ਼ ਦੇ ਦੋ ਦਿਨਾਂ ਦੌਰੇ 'ਤੇ ਹਨ, ਜਿਸ ਦਾ ਸ਼ਨੀਵਾਰ ਨੂੰ ਦੂਜਾ ਦਿਨ ਹੈ। ਜੇਪੀ ਨੱਡਾ ਨੇ ਸ਼ਨੀਵਾਰ ਨੂੰ ਕਾਂਗੜਾ 'ਚ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ, ਜਦਕਿ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਅੱਜ ਕਾਂਗੜਾ ਪਹੁੰਚਣਗੇ।
ਅਰਵਿੰਦ ਕੇਜਰੀਵਾਲ ਸਵੇਰੇ 11 ਵਜੇ ਕਾਂਗੜਾ ਹਵਾਈ ਅੱਡੇ 'ਤੇ ਪਹੁੰਚਣਗੇ, ਜਿਸ ਤੋਂ ਬਾਅਦ ਉਹ ਉੱਥੋਂ ਚੰਬੀ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਅਰਵਿੰਦ ਕੇਜਰੀਵਾਲ ਦਾ ਹਿਮਾਚਲ ਦਾ ਇਹ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ 6 ਅਪ੍ਰੈਲ ਨੂੰ ਮੰਡੀ 'ਚ ਰੋਡ ਸ਼ੋਅ ਕੀਤਾ ਸੀ।
‘ਆਪ’ ਦੇ ਸੂਬਾ ਚੋਣ ਇੰਚਾਰਜ ਸਤਿੰਦਰ ਜੈਨ ਨੇ ਬੀਤੇ ਦਿਨ ਕਿਹਾ ਸੀ ਕਿ ਚੋਣਾਂ ਦੇ ਮੱਦੇਨਜ਼ਰ ਹੁਣ ਹਿਮਾਚਲ ਵਿੱਚ ਕਾਂਗਰਸ ਅਤੇ ਭਾਜਪਾ ਦੇ ਦਿੱਗਜ ਆਗੂ ਖੜ੍ਹੇ ਹਨ, ਪਰ ਜਨਤਾ ਦਾ ਭਰੋਸਾ ‘ਆਪ’ ਪਾਰਟੀ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਮਨ ਬਣਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਭਾਜਪਾ ਦੀ ਰੈਲੀ ਨਾਲੋਂ ਵੱਧ ਲੋਕ ਇਕੱਠੇ ਹੋਣਗੇ।
ਭਾਜਪਾ ਹੀ ਬਣੇਗੀ ਸਰਕਾਰ : ਨੱਡਾ
ਦੱਸ ਦਈਏ ਕਿ ਜੇਪੀ ਨੱਡਾ ਨੇ ਬੀਤੇ ਦਿਨ ਕਾਂਗੜਾ ਦੇ ਨਗਰੋਟਾ ਬਾਗਵਾਨ 'ਚ ਰੋਡ ਸ਼ੋਅ ਕੀਤਾ ਸੀ। ਇਸ ਦੌਰਾਨ ਜੇਪੀ ਨੱਡਾ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਰੇਸ਼ ਕਸ਼ਯਪ ਵੀ ਮੌਜੂਦ ਰਹੇ। ਇਸ ਰੋਡ ਸ਼ੋਅ ਦੌਰਾਨ ਨੱਡਾ ਨੇ ਇੱਕ ਵਾਰ ਫਿਰ ਹਿਮਾਚਲ ਵਿੱਚ ਸੱਤਾ ਬਰਕਰਾਰ ਰੱਖਣ ਦੀ ਆਸ ਪ੍ਰਗਟਾਈ ਅਤੇ ਪਾਰਟੀ ਦੀਆਂ ਲੋਕ ਪੱਖੀ ਅਤੇ ਲੋਕ ਭਲਾਈ ਨੀਤੀਆਂ ਬਾਰੇ ਲੋਕਾਂ ਨੂੰ ਦੱਸਿਆ।
ਇਸ ਦੌਰਾਨ ਨੱਡਾ ਨੇ ਕਿਹਾ ਕਿ ਹਿਮਾਚਲ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣੇਗੀ ਕਿਉਂਕਿ ਭਾਜਪਾ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਆਪਣੀ ਜਿੱਤ ਨੂੰ ਦੁਹਰਾਇਆ ਹੈ।
ਕਾਂਗਰਸ ਤੇ 'ਆਪ' ਨੂੰ ਹਰਾਵਾਂਗੇ : ਨੱਡਾ
ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪ੍ਰਾਜੈਕਟਾਂ ਲਈ ਕੇਂਦਰ-ਸੂਬੇ ਦਾ 90:10 ਦਾ ਅਨੁਪਾਤ ਸੀ, ਜਿਸ ਨੂੰ ਬਾਅਦ ਵਿੱਚ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਬਹਾਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਅਟਲ ਬਿਹਾਰੀ ਵਾਜਪਾਈ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਰਾਜ ਲਈ ਵਿਸ਼ੇਸ਼ ਉਦਯੋਗਿਕ ਪੈਕੇਜ ਵੀ ਦਿੱਤਾ ਗਿਆ ਸੀ।
ਨੱਡਾ ਨੇ ਅੱਗੇ ਕਿਹਾ, ਭਾਜਪਾ ਹਿਮਾਚਲ ਪ੍ਰਦੇਸ਼ ਵਿੱਚ ਮੁੜ ਜਿੱਤ ਦਰਜ ਕਰਨ ਲਈ ਤਿਆਰ ਹੈ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: Coronavirus Update in India: ਦੇਸ਼ 'ਚ ਹੌਲੀ-ਹੌਲੀ ਵੱਧ ਰਹੇ ਕੋਰੋਨਾ ਕੇਸ, ਪਿਛਲੇ 24 ਘੰਟਿਆਂ 'ਚ 2527 ਨਵੇਂ ਕੇਸ ਅਤੇ 33 ਮੌਤਾਂ ਦਰਜ