ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦੇ ਦੌਰ ਦੌਰਾਨ ਅਕਸਰ ਲਾਪਰਵਾਹੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੇ 'ਚ ਅਸਮ 'ਚ ਇਕ ਹਸਪਤਾਲ ਨੇ ਲਾਪਰਵਾਹੀ ਵਰਤਦਿਆਂ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ ਦੀ ਥਾਂ ਕੋਰੋਨਾ ਦੇ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ।


ਦਰਅਸਲ ਦੋਵੇਂ ਮਰੀਜ਼ਾਂ ਦੇ ਨਾਂਅ ਇਕੋ ਜਿਹੇ ਹੋਣ ਕਾਰਨ ਇਹ ਗਲਤੀ ਹੋਈ ਹੈ। ਹਸਪਤਾਲ ਦੀ ਇਸ ਗਲਤੀ ਕਾਰਨ ਇਲਾਕੇ 'ਚ ਹਾਹਾਕਾਰ ਮੱਚ ਗਈ। ਇਹ ਗਲਤੀ ਉਸ ਵੇਲੇ ਹੋਈ ਜਦੋਂ ਸੂਬਾ ਸਰਕਾਰ ਵੱਲੋਂ ਜਾਰੀ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੂਚੀ ਨੂੰ ਹਸਪਤਾਲ ਸਟਾਫ ਨੇ ਮਰੀਜ਼ਾਂ ਦੇ ਸਾਹਮਣੇ ਪੜ੍ਹ ਕੇ ਸੁਣਾਇਆ।


ਡਾਰੰਗ ਜ਼ਿਲ੍ਹੇ ਦੇ ਮੰਗਲਦੇਈ ਹਸਪਤਾਲ ਨੂੰ ਮਿਲੀ 14 ਨਾਵਾਂ ਦੀ ਇਸ ਸੂਚੀ 'ਚ ਹਾਮਿਦ ਅਲੀ ਨਾਂਅ ਦਾ ਵਿਅਕਤੀ ਸ਼ਾਮਲ ਸੀ ਜਿਸ ਦਾ ਪੰਜ ਜੂਨ ਤੋਂ ਇਲਾਜ ਕੀਤਾ ਜਾ ਰਿਹਾ ਸੀ।


ਜਦੋਂ ਸਟਾਫ ਕਰਮਚਾਰੀ ਨੇ ਸੂਚੀ ਪੜ੍ਹੀ ਤਾਂ ਹਾਮਿਦ ਦੀ ਥਾਂ ਤੇ ਹਨੀਫ ਨੇ ਪ੍ਰਤੀਕਿਰਿਆ ਦੇ ਦਿੱਤੀ। ਹਨੀਫ ਨੂੰ ਤਿੰਨ ਜੂਨ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ। ਪਰ ਫਿਲਹਾਲ ਉਹ ਪੌਜ਼ੇਟਿਵ ਸੀ। ਓਧਰ ਹਨੀਫ ਦੀ ਪ੍ਰਤੀਕਿਰਿਆ 'ਤੇ ਹਾਮਿਦ ਨੇ ਕੋਈ ਜਵਾਬ ਨਾ ਦਿੱਤਾ।


ਇਸ 'ਤੇ ਘਟਨਾ ਸਮੇਂ ਉੱਥੇ ਮੌਜੂਦ ਇਕ ਮਰੀਜ਼ ਨੇ ਦੱਸਿਆ ਕਿ ਉਲਝਣ ਪੈਦਾ ਹੋ ਗਈ ਹੈ। ਕਿਉਂਕਿ ਦੋਵਾਂ ਨਾਵਾਂ ਦਾ ਉਚਾਰਨ ਇਕੋ ਜਿਹਾ ਲੱਗਦਾ ਹੈ। ਇਸ 'ਤੇ ਹਸਪਤਾਲ ਦੇ ਸੀਨੀਅਰ ਡਾਕਟਰ ਨੇ ਕਿਹਾ ਕਿ ਹਸਪਤਾਲ ਦੇ ਕਰਮਚਾਰੀਆਂ ਵੱਲੋਂ ਫੈਸਲੇ 'ਚ ਗਲਤੀ ਕਾਰਨ ਹਨੀਫ ਨੂੰ ਚੁੱਟੀ ਦੇ ਦਿੱਤੀ ਗਈ ਹੈ।


ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਹਨੀਫ ਐਂਬੂਲੈਂਸ ਜ਼ਰੀਏ ਰਾਤ 9 ਵਜੇ ਘਰ ਪਹੁੰਚੇ। ਬਾਅਦ 'ਚ ਉਨ੍ਹਾਂ ਨੂੰ ਮੁੜ ਤੋਂ ਹਸਪਤਾਲ ਲਿਆਂਦਾ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਹਨੀਫ ਦੀ ਵੀ ਕੋਰੋਨਾ ਰਿਪੋਰਟ 11 ਜੂਨ ਨੂੰ ਨੈਗੇਟਿਵ ਆ ਗਈ। ਪਰ ਉਸ ਦੇ ਪਰਿਵਾਰ ਵਾਲਿਆਂ ਦੇ ਸੈਂਪਲ ਟੈਸਟ ਲਈ ਲੈ ਲਏ ਗਏ ਤੇ ਉਸਦਾ ਘਰ ਸੀਲ ਕਰ ਦਿੱਤਾ ਗਿਆ।