Lok Sabha Election 2024: ਬੀਜੇਪੀ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਇੰਡੀਆ ਗੱਠਜੋੜ ਨੇ ਖੇਡਿਆ ਦਾਅ, ਇੰਝ ਬਦਲ ਸਕਦੇ ਸਾਰੇ ਸਮੀਕਰਨ
ਜੇਕਰ ਇੰਡੀਆ ਗੱਠਜੋੜ ਨੂੰ 200 ਸੀਟਾਂ ਮਿਲਦੀਆਂ ਹਨ, ਤਾਂ ਇਹ ਬਹੁਮਤ ਤੋਂ 72 ਸੀਟਾਂ ਘੱਟ ਹਨ। ਅਜਿਹੇ 'ਚ ਬਹੁਮਤ ਲਈ ਮੌਜੂਦਾ ਸੀਟ ਸ਼ੇਅਰਿੰਗ ਤੋਂ ਬਾਹਰ ਦੇ ਸਾਥੀ ਲੱਭਣੇ ਪੈਣਗੇ। ਆਓ ਜਾਣਦੇ ਹਾਂ ਇਹ ਸੀਟਾਂ ਕਿੱਥੋਂ ਮਿਲ ਸਕਦੀਆਂ ਹਨ ਜਾਂ ਨਹੀਂ।
Lok Sabha Election 2024: ਲੋਕ ਸਭਾ ਦੀਆਂ 542 ਸੀਟਾਂ ਉਪਰ ਤਸਵੀਰ ਸਾਫ ਹੋ ਗਈ ਹੈ। ਚਾਰ ਵਜੇ ਤੱਕ ਦੇ ਰੁਝਾਨਾਂ ਮੁਤਾਬਕ ਐਨਡੀਏ ਨੂੰ 298 ਸੀਟਾਂ ਮਿਲ ਰਹੀਆਂ ਹਨ। ਜਦਕਿ ਇੰਡੀਆ ਗੱਠਜੋੜ ਨੂੰ 200 ਸੀਟਾਂ 'ਤੇ ਲੀਡ ਮਿਲ ਰਹੀ ਹੈ। ਉਧਰ, ਬਹੁਮਤ ਦਾ ਅੰਕੜਾ 272 ਹੈ। ਇਸ ਲਈ ਸਾਫ ਹੈ ਕਿ ਭਾਜਪਾ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਚਰਚਾ ਛਿੜੀ ਹੈ ਕਿ ਇੰਡੀਆ ਗੱਠਜੋੜ ਨੇ ਵੀ ਸਰਕਾਰ ਬਣਾਉਣ ਲਈ ਜੋੜਤੋੜ ਸ਼ੁਰੂ ਕਰ ਦਿੱਤਾ ਹੈ। ਇੰਡੀਆ ਗੱਠਜੋੜ ਨੇ ਨਿਤਿਸ਼ ਕੁਮਾਰ ਨੂੰ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਦਰਅਸਲ ਜੇਕਰ ਇੰਡੀਆ ਗੱਠਜੋੜ ਨੂੰ 200 ਸੀਟਾਂ ਮਿਲਦੀਆਂ ਹਨ, ਤਾਂ ਇਹ ਬਹੁਮਤ ਤੋਂ 72 ਸੀਟਾਂ ਘੱਟ ਹਨ। ਅਜਿਹੇ 'ਚ ਬਹੁਮਤ ਲਈ ਮੌਜੂਦਾ ਸੀਟ ਸ਼ੇਅਰਿੰਗ ਤੋਂ ਬਾਹਰ ਦੇ ਸਾਥੀ ਲੱਭਣੇ ਪੈਣਗੇ। ਆਓ ਜਾਣਦੇ ਹਾਂ ਇਹ ਸੀਟਾਂ ਕਿੱਥੋਂ ਮਿਲ ਸਕਦੀਆਂ ਹਨ ਜਾਂ ਨਹੀਂ।
ਸਭ ਤੋਂ ਪਹਿਲਾ ਆਪਸ਼ਨ ਤ੍ਰਿਣਮੂਲ ਕਾਂਗਰਸ ਹੈ। ਜਦੋਂ ਕਾਂਗਰਸ ਦੀ ਅਗਵਾਈ ਵਿੱਚ ਇੰਡੀਆ ਗੱਠਜੋੜ ਬਣਿਆ ਸੀ ਤਾਂ ਮਮਤਾ ਬੈਨਰਜੀ ਇਸ ਦੀ ਮੀਟਿੰਗ ਵਿੱਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਹੀ ਇੰਡੀਆ ਦੇ ਕਨਵੀਨਰ ਲਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਦਾ ਨਾਮ ਸੁਝਾਇਆ ਸੀ। ਹਾਲਾਂਕਿ ਬੰਗਾਲ 'ਚ ਸੀਟਾਂ ਦੀ ਵੰਡ ਦੇ ਮੁੱਦੇ 'ਤੇ ਤ੍ਰਿਣਮੂਲ ਤੇ ਕਾਂਗਰਸ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ ਤੇ ਦੋਵਾਂ ਨੇ ਵੱਖਰੇ ਤੌਰ 'ਤੇ ਚੋਣ ਲੜਨ ਦਾ ਫੈਸਲਾ ਕੀਤਾ। ਇਸ ਦੇ ਬਾਵਜੂਦ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਉਹ ਇੰਡੀਆ ਦੇ ਨਾਲ ਹਨ। ਇਸ ਲਈ ਜੇਕਰ ਸਰਕਾਰ ਬਣਾਉਣ ਦਾ ਸਮਾਂ ਆਉਂਦਾ ਹੈ ਤਾਂ ਤ੍ਰਿਣਮੂਲ ਕਾਂਗਰਸ ਇੰਡੀਆ ਗਠਜੋੜ ਦਾ ਸਮਰਥਨ ਕਰ ਸਕਦੀ ਹੈ।
ਇੰਡੀਆ ਗੱਠਜੋੜ ਨੇ ਅੱਜ ਅਹਿਮ ਦਾਅ ਖੇਡਿਆ ਹੈ। ਐਨਡੀਏ ਦੇ ਭਾਈਵਾਲ ਜੇਡੀਯੂ ਦੇ ਲੀਡਰ ਨਿਤਿਸ਼ ਕੁਮਾਰ ਨੂੰ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਸ਼ ਕੀਤੀ ਹੈ। ਯਾਦ ਰਹੇ ਬਿਹਾਰ ਵਿੱਚ ਬੀਜੇਪੀ ਨੇ ਜਨਵਰੀ 2024 ਵਿੱਚ ਜੇਡੀਯੂ ਨਾਲ ਸਰਕਾਰ ਬਣਾਈ ਸੀ। ਇਸ ਤੋਂ ਪਹਿਲਾਂ ਨਿਤੀਸ਼ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਦੀ ਗਠਜੋੜ ਸਰਕਾਰ ਦੇ ਮੁਖੀ ਸਨ। ਨਿਤੀਸ਼ ਨੇ ਹੀ ਪਟਨਾ ਵਿੱਚ ਇੰਡੀਆ ਬਲਾਕ ਦੀ ਪਹਿਲੀ ਮੀਟਿੰਗ ਕਰਵਾਈ ਸੀ। ਜਦੋਂ ਨਿਤੀਸ਼ ਨੇ ਗਠਜੋੜ ਛੱਡਿਆ ਸੀ, ਉਦੋਂ ਵੀ ਲਾਲੂ ਪ੍ਰਸਾਦ ਯਾਦਵ ਨੇ ਉਨ੍ਹਾਂ ਦੀ ਵਾਪਸੀ ਦੀ ਸੰਭਾਵਨਾ ਜਤਾਈ ਸੀ। ਅਜਿਹੇ 'ਚ ਜੇਕਰ ਇੰਡੀਆ ਬਲਾਕ ਨਿਤੀਸ਼ ਨੂੰ ਚੰਗੇ ਅਹੁਦੇ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਵਾਪਸੀ ਕਰ ਸਕਦੇ ਹਨ।
ਤੀਜੇ ਆਪਸ਼ਨ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਹੈ। ਭਾਜਪਾ ਤੇ ਟੀਡੀਪੀ ਆਂਧਰਾ ਪ੍ਰਦੇਸ਼ ਵਿੱਚ ਇਕੱਠੇ ਚੋਣ ਲੜ ਰਹੀਆਂ ਹਨ। ਰਾਜ ਵਿਧਾਨ ਸਭਾ ਦੀਆਂ ਕੁੱਲ 175 ਸੀਟਾਂ 'ਚੋਂ ਟੀਡੀਪੀ ਨੂੰ 130 ਤੋਂ ਵੱਧ ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਭਾਜਪਾ 7 ਸੀਟਾਂ 'ਤੇ ਅੱਗੇ ਹੈ। ਟੀਡੀਪੀ ਦੇ 16 ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਜਿੱਤ ਦੇ ਨੇੜੇ ਹਨ।
ਦੱਖਣ ਵਿੱਚ ਟੀਡੀਪੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਨਾਇਡੂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਇਸ ਦੇ ਬਦਲੇ ਚੰਦਰਬਾਬੂ ਆਂਧਰਾ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰ ਸਕਦੇ ਹਨ। ਟੀਡੀਪੀ ਦੇ ਕਾਂਗਰਸ ਨਾਲ ਹੱਥ ਮਿਲਾਉਣ ਦੀ ਵੀ ਸੰਭਾਵਨਾ ਵੀ ਹੈ ਕਿਉਂਕਿ ਲੋਕ ਸਭਾ ਚੋਣਾਂ ਤੋਂ ਠੀਕ 9 ਮਹੀਨੇ ਪਹਿਲਾਂ ਸਤੰਬਰ 2023 ਵਿੱਚ ਨਾਇਡੂ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਗਿਆ ਸੀ। ਉਹ ਇਸ ਤੋਂ ਖਫਾ ਸਨ।
ਇਸ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਭੈਣ ਸ਼ਰਮੀਲਾ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਕੇਂਦਰ ਵਿੱਚ ਸਰਕਾਰ ਬਣਨ ਦੀ ਸੂਰਤ ਵਿੱਚ ਕਾਂਗਰਸ ਉਨ੍ਹਾਂ ਨੂੰ ਆਪਣੇ ਭਾਈ ਨੂੰ ਗੱਠਜੋੜ ਨਾਲ ਲਿਆਉਣ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਰੈੱਡੀ ਦੇ ਪਿਤਾ ਵਾਈਐਸ ਰਾਜਸ਼ੇਖਰ ਰੈਡੀ ਕਾਂਗਰਸ ਦੇ ਵੱਡੇ ਨੇਤਾ ਰਹੇ ਹਨ। ਅਜਿਹੇ ਵਿੱਚ ਜਗਨ ਮੋਹਨ ਨੂੰ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਇੰਡੀਆ ਗਠਜੋੜ ਨਾਲ ਆਉਣ ਲਈ ਕਿਹਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੀਜੂ ਜਨਤਾ ਦਲ ਓਡੀਸ਼ਾ ਵਿੱਚ 2000 ਤੋਂ ਸੱਤਾ ਵਿੱਚ ਹੈ। ਇਸ ਵਾਰ ਭਾਜਪਾ ਵਿਧਾਨ ਸਭਾ ਦੀਆਂ 147 ਸੀਟਾਂ ਵਿੱਚੋਂ 74 ਸੀਟਾਂ ਜਿੱਤ ਸਕਦੀ ਹੈ, ਜੋ ਬਹੁਮਤ ਦੇ ਬਰਾਬਰ ਹੈ। ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਨੂੰ 55 ਤੇ ਕਾਂਗਰਸ ਨੂੰ 14 ਸੀਟਾਂ ਮਿਲ ਰਹੀਆਂ ਹਨ। ਬੀਜੇਡੀ ਨੂੰ ਲੋਕ ਸਭਾ ਵਿੱਚ ਕੁੱਲ 1 ਸੀਟ ਮਿਲ ਰਹੀ ਹੈ, ਅਜਿਹੇ ਵਿੱਚ ਉਹ ਇੰਡੀਆ ਗਠਜੋੜ ਨਾਲ ਅੱਗੇ ਵਧ ਸਕਦੀ ਹੈ।