India-Pakistan Ceasefire: ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਵੱਲੋਂ ਨਹੀਂ ਹੋਈ ਫਾਇਰਿੰਗ, ਸ਼ਾਂਤੀਪੂਰਨ ਰਹੀ ਰਾਤ – ਸੀਜ਼ਫਾਇਰ 'ਤੇ ਭਾਰਤੀ ਫੌਜ ਦਾ ਬਿਆਨ
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੀਜ਼ਫ਼ਾਇਰ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਐਲ.ਓ.ਸੀ. ਨਾਲ ਲੱਗਦੇ ਹੋਰ ਇਲਾਕਿਆਂ ਵਿੱਚ 11 ਤੋਂ 12 ਮਈ 2025 ਦੀ ਰਾਤ ਜ਼ਿਆਦਾਤਰ ਸ਼ਾਂਤ ਰਹੀ। ਕਿਸੇ ਵੀ ਕਿਸਮ ਦੀ ਘਟਨਾ ਦੀ ਕੋਈ ਰਿਪੋਰਟ ਨਹੀਂ ਮਿਲੀ..

India Pakistan Ceasefire News: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸੀਜ਼ਫ਼ਾਇਰ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਐਲ.ਓ.ਸੀ. ਨਾਲ ਲੱਗਦੇ ਹੋਰ ਇਲਾਕਿਆਂ ਵਿੱਚ 11 ਤੋਂ 12 ਮਈ 2025 ਦੀ ਰਾਤ ਜ਼ਿਆਦਾਤਰ ਸ਼ਾਂਤ ਰਹੀ। ਕਿਸੇ ਵੀ ਕਿਸਮ ਦੀ ਘਟਨਾ ਦੀ ਕੋਈ ਰਿਪੋਰਟ ਨਹੀਂ ਮਿਲੀ। ਪਹਿਲਗਾਮ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਸਰਹੱਦ 'ਤੇ ਗੁਆਂਢੀ ਦੇਸ਼ ਵੱਲੋਂ ਕੋਈ ਚਲਾਕੀ ਜਾਂ ਗੜਬੜ ਨਹੀਂ ਹੋਈ। ਇਸ ਦੀ ਜਾਣਕਾਰੀ ਭਾਰਤੀ ਫੌਜ ਵੱਲੋਂ ਦਿੱਤੀ ਗਈ ਹੈ।
10 ਮਈ ਦੀ ਸ਼ਾਮ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਜ਼ਫ਼ਾਇਰ ਸਮਝੌਤਾ ਹੋਇਆ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਨੇ ਸ਼ਾਂਤੀ ਬਰਕਰਾਰ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ, ਪਾਕਿਸਤਾਨ ਨੇ ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਹੀ ਸੀਜ਼ਫ਼ਾਇਰ ਦੀ ਉਲੰਘਣਾ ਕਰ ਦਿੱਤੀ ਅਤੇ ਭਾਰਤ ਦੇ ਕਈ ਸ਼ਹਿਰਾਂ 'ਤੇ ਡਰੋਨ ਦਿਸਣ ਦੀ ਰਿਪੋਰਟ ਹੋਈ। ਭਾਰਤੀ ਫੌਜ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਸਾਰੇ ਡਰੋਨ ਨੂੰ ਡੇਗ ਕੇ ਨਸ਼ਟ ਕਰ ਦਿੱਤੇ ਗਏ।
ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਲਗਾਤਾਰ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਗੋਲਾਬਾਰੀ ਕਰ ਰਿਹਾ ਹੈ, ਜਿਸਦਾ ਭਾਰਤੀ ਫੌਜ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ। 7 ਤੋਂ 10 ਮਈ ਦੇ ਦਰਮਿਆਨ ਪਾਕਿਸਤਾਨ ਨੇ ਭਾਰਤ ਦੇ ਕਈ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਈ। ਭਾਰਤ ਨੇ ਵਿਰੋਧੀ ਦੇਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
6-7 ਮਈ ਦੀ ਰਾਤ ਚਲਾਇਆ ਗਿਆ "ਆਪਰੇਸ਼ਨ ਸਿੰਦੂਰ"
6-7 ਮਈ ਦੀ ਰਾਤ ਭਾਰਤੀ ਹਵਾਈ ਸੈਨਾ ਵੱਲੋਂ "ਆਪਰੇਸ਼ਨ ਸਿੰਦੂਰ" ਸ਼ੁਰੂ ਕੀਤਾ ਗਿਆ। ਇਸ ਆਪਰੇਸ਼ਨ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਭਾਰਤ ਵੱਲੋਂ ਹੋਏ ਇਸ ਵੱਡੇ ਹਮਲੇ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਦਿੱਖਿਆ ਅਤੇ ਲਗਾਤਾਰ ਭਾਰਤ 'ਤੇ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਹਮਲੇ ਕਰਦਾ ਰਿਹਾ। 7 ਤੋਂ 10 ਮਈ ਤੱਕ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵਾਲੀ ਸਥਿਤੀ ਬਣੀ ਰਹੀ।
ਪਹਿਲਗਾਮ ਹਮਲੇ ਦੇ ਬਾਅਦ ਚਲਾਇਆ ਗਿਆ "ਆਪਰੇਸ਼ਨ ਸਿੰਦੂਰ"
ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਅੱਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ। ਮਾਰੇ ਗਏ ਲੋਕਾਂ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਸ਼ਾਮਲ ਸੀ। ਇਸ ਘਿਨੌਣੇ ਹਮਲੇ ਦੇ ਜਵਾਬ ਵਜੋਂ ਭਾਰਤ ਨੇ 6-7 ਮਈ ਦੀ ਰਾਤ “ਆਪਰੇਸ਼ਨ ਸਿੰਦੂਰ” ਲਾਂਚ ਕੀਤਾ ਅਤੇ ਇਸ ਦੌਰਾਨ 100 ਤੋਂ ਵੱਧ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।






















