India-Pakistan Tension: ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਜਾਰੀ, ਸੀਜ਼ਫਾਇਰ ਦੀ 'ਗੰਭੀਰ ਉਲੰਘਣਾ', ਭਾਰਤੀ ਫੌਜ ਦੇ ਰਹੀ ਮੂੰਹ ਤੋੜਵਾਂ ਜਵਾਬ
ਭਾਰਤ-ਪਾਕਿ ਵਿਚਾਲੇ 3 ਦਿਨਾਂ ਤੱਕ ਚਲੇ ਸੰਘਰਸ਼ ਤੋਂ ਬਾਅਦ ਯੁੱਧਵਿਰਾਮ ਹੋਇਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਪੰਜ ਵਜੇ ਤੋਂ ਸੀਜ਼ਫਾਇਰ ਲਾਗੂ ਹੋ ਗਿਆ ਸੀ, ਪਰ ਸਿਰਫ਼ 4 ਘੰਟਿਆਂ 'ਚ ਹੀ ਪਾਕਿਸਤਾਨ ਨੇ ਇਸਦੀ ਉਲੰਘਣਾ

ਭਾਰਤ-ਪਾਕਿਸਤਾਨ ਵਿਚਾਲੇ ਹੋਏ ਯੁੱਧਵਿਰਾਮ ਦੀ ਉਲੰਘਣਾ ਨੂੰ ਲੈ ਕੇ ਵਿਦੇਸ਼ ਸਚਿਵ ਵਿਕਰਮ ਮਿਸਰੀ ਨੇ ਸ਼ਨੀਵਾਰ (10 ਮਈ, 2025) ਦੀ ਰਾਤ ਦੇਰ ਨੂੰ ਕਿਹਾ ਕਿ ਫੌਜ ਨੂੰ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਵਿਚਕਾਰ ਸ਼ਾਮ ਨੂੰ ਜੋ ਸੈਨਾ ਕਾਰਵਾਈ ਰੋਕਣ ਸਬੰਧੀ ਸਮਝੌਤਾ ਹੋਇਆ ਸੀ, ਉਸਦਾ ਪਾਕਿਸਤਾਨ ਵੱਲੋਂ ਕੁਝ ਘੰਟਿਆਂ ਵਿੱਚ ਹੀ “ਗੰਭੀਰ ਉਲੰਘਣ” ਕੀਤਾ ਗਿਆ ਹੈ।
ਵਿਕਰਮ ਮਿਸਰੀ ਨੇ ਮੀਡੀਆ ਨੂੰ ਦੱਸਿਆ ਕਿ ਭਾਰਤੀ ਫੌਜ ਪੂਰੀ ਦ੍ਰਿੜਤਾ ਨਾਲ ਜਵਾਬੀ ਕਾਰਵਾਈ ਕਰ ਰਹੀ ਹੈ ਅਤੇ ਸਰਹੱਦ 'ਤੇ ਹੋ ਰਹੇ ਘੁੱਸਪੈਠ ਨੂੰ ਰੋਕਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੀ ਗਈ ਇਹ ਹਰਕਤ “ਅਤਿ ਨਿੰਦਣਯੋਗ” ਹੈ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪਾਕਿਸਤਾਨ 'ਤੇ ਹੀ ਆਉਂਦੀ ਹੈ।
ਉਨ੍ਹਾਂ ਨੇ ਕਿਹਾ, "ਹਥਿਆਰਬੰਦ ਸੈਨਾ ਹਾਲਾਤਾਂ 'ਤੇ ਸਖਤ ਨਿਗਰਾਨੀ ਰੱਖੇ ਹੋਏ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਸਰਹੱਦ ਅਤੇ ਨਿਯੰਤਰਣ ਰੇਖਾ 'ਤੇ ਕਿਸੇ ਵੀ ਕਿਸਮ ਦੀ ਉਲੰਘਣਾ ਦੇ ਦੁਹਰਾਵ 'ਤੇ ਸਖ਼ਤੀ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।"
ਵਿਦੇਸ਼ ਸਚਿਵ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਉਮੀਦ ਕਰਦੇ ਹਾਂ ਕਿ ਉਹ ਹਾਲਾਤ ਦੀ ਗੰਭੀਰਤਾ ਨੂੰ ਸਮਝੇ ਅਤੇ ਤੁਰੰਤ ਪ੍ਰਭਾਵ ਨਾਲ ਇਸ ਘੁੱਸਪੈਠ ਨੂੰ ਰੋਕਣ ਲਈ ਢਿੱਲੇ ਨਹੀਂ, ਪੱਕੇ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ। ਭਾਰਤੀ ਫੌਜ ਇਸ ਸਥਿਤੀ ਉੱਤੇ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਕਿਸੇ ਵੀ ਕਿਸਮ ਦੀ ਉਲੰਘਣਾ ਦਾ ਸਖ਼ਤ ਅਤੇ ਨਿਰਣਾਇਕ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਤਿੰਨ ਦਿਨਾਂ ਤੱਕ ਚਲੇ ਸੰਘਰਸ਼ ਤੋਂ ਬਾਅਦ ਯੁੱਧਵਿਰਾਮ ਹੋਇਆ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਪੰਜ ਵਜੇ ਤੋਂ ਸੀਜ਼ਫਾਇਰ ਲਾਗੂ ਹੋ ਗਿਆ ਸੀ, ਪਰ ਸਿਰਫ਼ ਚਾਰ ਘੰਟਿਆਂ ਵਿੱਚ ਹੀ ਪਾਕਿਸਤਾਨ ਨੇ ਇਸਦੀ ਉਲੰਘਣਾ ਕਰਦਿਆਂ ਸਰਹੱਦ ਪਾਰੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਕਈ ਸ਼ਹਿਰਾਂ ਨੂੰ ਡਰੋਨ ਰਾਹੀਂ ਨਿਸ਼ਾਨਾ ਬਣਾਇਆ ਗਿਆ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਅੱਤਵਾਦ ਦੇ ਖਿਲਾਫ ਚੱਲ ਰਹੀ ਲੜਾਈ ਸਬੰਧੀ ਇਕ ਵੱਡਾ ਫੈਸਲਾ ਲਿਆ। ਸਰਕਾਰ ਨੇ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਸੀ ਕਿ ਭਵਿੱਖ ਵਿੱਚ ਭਾਰਤ ਵਿਰੁੱਧ ਹੋਈ ਕੋਈ ਵੀ ਅੱਤਵਾਦੀ ਘਟਨਾ ਯੁੱਧ ਦੀ ਕਾਰਵਾਈ ਮੰਨੀ ਜਾਵੇਗੀ।
ਭਾਰਤ ਸਰਕਾਰ ਦੇ ਉੱਚ ਪੱਧਰੀ ਸਰੋਤਾਂ ਨੇ ਕਿਹਾ ਸੀ ਕਿ ਭਾਰਤ ਨੇ ਇਹ ਫੈਸਲਾ ਲਿਆ ਹੈ ਕਿ ਭਵਿੱਖ ਵਿੱਚ ਭਾਰਤ ਵਿਰੁੱਧ ਹੋਈ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ ਅਤੇ ਉਸੇ ਢੰਗ ਵਿੱਚ ਜਵਾਬ ਵੀ ਦਿੱਤਾ ਜਾਵੇਗਾ।






















