ਪਾਕਿਸਤਾਨ ਨੂੰ ਇਜ਼ਰਾਈਲ ਵਾਂਗ ਜਵਾਬ ਦੇਵੇ ਭਾਰਤ, ਪਹਿਲਗਾਮ ਹਮਲੇ 'ਤੇ ਸਾਬਕਾ DGP ਨੇ ਦਿੱਤੀ ਨਸੀਹਤ, ਜਾਣੋ ਕੀ ਕੁਝ ਕਿਹਾ
Pahalgam Terror Attack: ਜੰਮੂ-ਕਸ਼ਮੀਰ ਦੇ ਸਾਬਕਾ ਡੀਜੀਪੀ ਐਸਪੀ ਵੈਦਿਆ ਨੇ ਪਹਿਲਗਾਮ ਹਮਲੇ ਬਾਰੇ ਕਿਹਾ ਹੈ ਕਿ ਹੁਣ ਭਾਰਤ ਨੂੰ ਇਜ਼ਰਾਈਲ ਵਾਂਗ ਪਾਕਿਸਤਾਨ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਰੋ ਜਾਂ ਮਰੋ ਦਾ ਸਮਾਂ ਆ ਗਿਆ ਹੈ।
Jammu Kashmir Pahalgam Terror Attack News: ਸੂਬੇ ਦੇ ਸਾਬਕਾ ਡੀਜੀਪੀ ਐਸਪੀ ਵੈਦਿਆ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਯੋਜਨਾਬੱਧ ਅਤੇ ਸੋਚ-ਸਮਝ ਕੇ ਕੀਤਾ ਗਿਆ ਹਮਲਾ ਸੀ ਜਿਸ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਵੈਦਿਆ ਨੇ ਇਸਨੂੰ ਪਾਕਿਸਤਾਨ ਦੁਆਰਾ ਸਪਾਂਸਰ ਕੀਤੀ ਗਈ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਕਰਾਰ ਦਿੱਤਾ ਤੇ ਕਿਹਾ ਕਿ ਇਹ ਹਮਲਾ ਕਿਸੇ ਆਮ ਅੱਤਵਾਦੀ ਗਤੀਵਿਧੀ ਦਾ ਹਿੱਸਾ ਨਹੀਂ ਸੀ, ਸਗੋਂ ਇੱਕ ਸੁਚੱਜੇ ਢੰਗ ਨਾਲ ਸੰਗਠਿਤ ਅਤੇ ਯੋਜਨਾਬੱਧ ਹਮਲਾ ਸੀ।
ਐਸਪੀ ਵੈਦਿਆ ਨੇ ਇਸਨੂੰ 'ਪੁਲਵਾਮਾ 2' ਕਰਾਰ ਦਿੱਤਾ ਤੇ ਕਿਹਾ ਕਿ ਦੋ ਦਿਨ ਪਹਿਲਾਂ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਦਿੱਤਾ ਗਿਆ ਭੜਕਾਊ ਬਿਆਨ ਤੇ ਉਸ ਤੋਂ ਬਾਅਦ ਹੋਇਆ ਹਮਲਾ ਦੋਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਸ ਹਮਲੇ ਦੀ ਨੀਂਹ ਪਹਿਲਾਂ ਹੀ ਰੱਖ ਦਿੱਤੀ ਸੀ ਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਸਪੈਸ਼ਲ ਸਰਵਿਸ ਗਰੁੱਪ (SSG) ਕਮਾਂਡੋ ਵੀ ਅਜਿਹੇ ਹਮਲੇ ਕਰਨ ਲਈ ਪਿੰਡਾਂ ਵਿੱਚ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਹਮਾਸ ਦੇ ਇੱਕ ਨੇਤਾ ਦਾ ਹਾਲ ਹੀ ਵਿੱਚ POK ਦਾ ਦੌਰਾ ਵੀ ਇਸੇ ਸਾਜ਼ਿਸ਼ ਦਾ ਹਿੱਸਾ ਸੀ ਤੇ ਇਹ ਕੋਈ ਆਮ ਘਟਨਾ ਨਹੀਂ ਸੀ।
ਸਾਬਕਾ ਡੀਜੀਪੀ ਐਸਪੀ ਵੈਦਿਆ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਇਸ ਹਮਲੇ ਦਾ ਇਜ਼ਰਾਈਲ ਵਾਂਗ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਪਾਕਿਸਤਾਨ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇ। ਉਨ੍ਹਾਂ ਕਿਹਾ, "ਪਾਕਿਸਤਾਨੀ ਫੌਜ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ ਹੈ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਭਾਰਤ ਨੂੰ ਪਾਕਿਸਤਾਨ ਨੂੰ ਚਾਰ ਹਿੱਸਿਆਂ ਵਿੱਚ ਵੰਡਣ ਲਈ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ।"
ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ "ਕਰੋ ਜਾਂ ਮਰੋ" ਦੀ ਨੀਤੀ ਅਪਣਾਉਣਾ ਪਏਗਾ ਅਤੇ ਪਾਕਿਸਤਾਨ ਨੂੰ ਅਜਿਹਾ ਸਬਕ ਸਿਖਾਉਣਾ ਪਏਗਾ ਜਿਸਨੂੰ ਉਹ ਕਦੇ ਨਹੀਂ ਭੁੱਲੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਸ਼ਮੀਰ ਦੌਰੇ ਦਾ ਹਵਾਲਾ ਦਿੰਦੇ ਹੋਏ ਐਸਪੀ ਵੈਦਿਆ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਸਾਰੀਆਂ ਏਜੰਸੀਆਂ ਨੂੰ ਨਿਰਦੇਸ਼ ਦੇਣਗੇ ਅਤੇ ਭਾਰਤ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।






















