ਪਹਿਲਗਾਮ ਹਮਲੇ 'ਚ ਪਾਕਿਸਤਾਨ ਕਨੈਕਸ਼ਨ ! ਪੁਲਿਸ ਦੀ ਵਰਦੀ ਪਾ ਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ, 2 ਦੀ ਮੌਤ, ਕਈ ਜ਼ਖ਼ਮੀ
Jammu Kashmir Terrorist Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਬੈਸਰਨ ਪਹਾੜੀ 'ਤੇ ਅੱਤਵਾਦੀਆਂ ਨੇ ਸੈਲਾਨੀਆਂ ਦੇ ਇੱਕ ਸਮੂਹ 'ਤੇ ਹਮਲਾ ਕੀਤਾ। ਘੋੜਸਵਾਰੀ ਦਾ ਆਨੰਦ ਮਾਣ ਰਹੇ ਸੈਲਾਨੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ।
Jammu Kashmir Terrorist Attack: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਕੁਝ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਹਮਲਾ ਕੀਤਾ। ਸੂਤਰਾਂ ਅਨੁਸਾਰ 2 ਤੋਂ 3 ਹਮਲਾਵਰ ਪੁਲਿਸ ਦੀ ਵਰਦੀ ਵਿੱਚ ਸਨ। ਅੱਤਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ, ਸੀਆਰਪੀਐਫ ਦੀਆਂ ਵਾਧੂ ਤੇਜ਼ ਪ੍ਰਤੀਕਿਰਿਆ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਇਸ ਹਮਲੇ ਵਿੱਚ ਪਾਕਿਸਤਾਨ ਸ਼ਾਮਲ ਹੈ। ਇਸ ਅੱਤਵਾਦੀ ਘਟਨਾ ਵਿੱਚ ਟੀਆਰਐਫ (ਦਿ ਰੇਜ਼ਿਸਟੈਂਸ ਫਰੰਟ) ਸੰਗਠਨ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਹਮਲਾਵਰਾਂ ਨੇ ਬੈਸਰਨ ਘਾਹ ਦੇ ਮੈਦਾਨ ਵਿੱਚ ਘੋੜਸਵਾਰੀ ਦਾ ਆਨੰਦ ਮਾਣ ਰਹੇ ਸੈਲਾਨੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
#WATCH जम्मू-कश्मीर के पहलगाम में गोलीबारी की घटना की सूचना मिली; सुरक्षा बल की तैनाती की गई है।
— ANI_HindiNews (@AHindinews) April 22, 2025
(वीडियो वर्तमान समयानुसार नहीं है) pic.twitter.com/gvA58KqmyT
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, "ਮੈਂ ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕਰਦੀ ਹਾਂ, ਜਿਸ ਦੇ ਨਤੀਜੇ ਵਜੋਂ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਅਜਿਹੀ ਹਿੰਸਾ ਅਸਵੀਕਾਰਨਯੋਗ ਹੈ ਅਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।"
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਜੰਮੂ ਕਸ਼ਮੀਰ ਦੇ ਨੇਤਾ ਅਲਤਾਫ ਠਾਕੁਰ ਨੇ ਕਿਹਾ, "ਪਾਕਿਸਤਾਨ ਨਹੀਂ ਚਾਹੁੰਦਾ ਕਿ ਕਸ਼ਮੀਰ ਵਿੱਚ ਸੈਰ-ਸਪਾਟਾ ਵਧੇ। ਇਹ ਹਮਲਾ ਸਿਰਫ਼ ਸੈਲਾਨੀਆਂ ਤੇ ਸਥਾਨਕ ਲੋਕਾਂ 'ਤੇ ਹੀ ਨਹੀਂ, ਸਗੋਂ ਜੰਮੂ ਕਸ਼ਮੀਰ ਦੀ ਆਰਥਿਕਤਾ 'ਤੇ ਵੀ ਹੈ। ਇਹ ਹਮਲਾ ਸਥਾਨਕ ਲੋਕਾਂ ਤੇ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਹਮਲਾ ਹੈ। ਇਹ ਸੰਭਵ ਹੈ ਕਿ ਪਾਕਿਸਤਾਨ ਇਸ ਸਾਲ ਅਮਰਨਾਥ ਯਾਤਰਾ ਵਿੱਚ ਵਿਘਨ ਪਾਉਣਾ ਚਾਹੁੰਦਾ ਹੋਵੇ।"
ਜ਼ਖਮੀਆਂ ਨੂੰ ਕੱਢਣ ਲਈ ਇੱਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਕੁਝ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਆਪਣੇ ਖੱਚਰਾਂ 'ਤੇ ਸਵਾਰ ਕਰਕੇ ਹੇਠਾਂ ਉਤਾਰਿਆ। 12 ਜ਼ਖਮੀ ਸੈਲਾਨੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਕਈ ਸਾਲਾਂ ਤੋਂ ਅੱਤਵਾਦ ਨਾਲ ਜੂਝਣ ਤੋਂ ਬਾਅਦ ਕਸ਼ਮੀਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਰਿਹਾ ਹੈ।






















