ਕਸ਼ਮੀਰ ਦੇ ਫਿਰ ਵਿਗੜੇ ਹਾਲਾਤ, ਰੋਜ਼ਾਨਾ ਸਾਫ਼ਟ ਟਾਰਗੇਟ ਬਣ ਰਹੇ ਨਿਸ਼ਾਨਾ
ਘਾਟੀ 'ਚ ਫ਼ੌਜੀਆਂ ਦੀ ਕਾਰਵਾਈ ਤੋਂ ਬਾਅਦ ਗੁੱਸੇ 'ਚ ਆਏ ਅੱਤਵਾਦੀ ਹੁਣ ਇੱਕ-ਇੱਕ ਕਰਕੇ ਨਾਗਰਿਕਾਂ ਨੂੰ ਮਾਰਨ 'ਚ ਲੱਗੇ ਹੋਏ ਹਨ ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾਉਣ 'ਚ ਲੱਗੇ ਹੋਏ ਹਨ।
Civilians Killed In J&K: ਜੰਮੂ -ਕਸ਼ਮੀਰ 'ਚ ਪਿਛਲੇ 13 ਦਿਨਾਂ ਤੋਂ ਫ਼ੌਜੀਆਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਜਵਾਨਾਂ ਦੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਅੱਤਵਾਦੀਆਂ ਨੂੰ ਮਾਰ ਕੇ ਆਪ੍ਰੇਸ਼ਨ ਨੂੰ ਖਤਮ ਕੀਤਾ ਜਾਵੇ। ਫ਼ੌਜ ਵੱਲੋਂ ਇਲਾਕੇ ਵਿੱਚੋਂ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਅੱਤਵਾਦੀ ਨਾ ਸਿਰਫ਼ ਫ਼ੌਜ ਤੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਸਗੋਂ ਸਾਫ਼ਟ ਟਾਰਗੇਟ ਦੇ ਤਹਿਤ ਨਾਗਰਿਕਾਂ ਨੂੰ ਵੀ ਮਾਰ ਰਹੇ ਹਨ। ਅਕਤੂਬਰ ਮਹੀਨੇ 'ਚ ਹੁਣ ਤਕ ਅੱਤਵਾਦੀਆਂ ਨੇ 11 ਬੇਗੁਨਾਹ ਨਾਗਰਿਕਾਂ ਨੂੰ ਮਾਰ ਦਿੱਤਾ ਹੈ।
ਅੱਤਵਾਦੀਆਂ ਵੱਲੋਂ ਘਾਟੀ 'ਚ ਡਰ ਪੈਦਾ ਕਰਨ ਲਈ ਬੇਗੁਨਾਹ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਘਾਟੀ 'ਚ ਫ਼ੌਜੀਆਂ ਦੀ ਕਾਰਵਾਈ ਤੋਂ ਬਾਅਦ ਗੁੱਸੇ 'ਚ ਆਏ ਅੱਤਵਾਦੀ ਹੁਣ ਇੱਕ-ਇੱਕ ਕਰਕੇ ਨਾਗਰਿਕਾਂ ਨੂੰ ਮਾਰਨ 'ਚ ਲੱਗੇ ਹੋਏ ਹਨ ਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾਉਣ 'ਚ ਲੱਗੇ ਹੋਏ ਹਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਸ ਦਿਨ ਅੱਤਵਾਦੀਆਂ ਨੇ ਕਿੰਨੇ ਨਾਗਰਿਕਾਂ ਨੂੰ ਮਾਰਿਆ ਹੈ?
ਮੁਹੰਮਦ ਸ਼ਫੀ ਡਾਰ : ਇਸ ਮਹੀਨੇ ਸਭ ਤੋਂ ਪਹਿਲਾਂ ਅੱਤਵਾਦੀਆਂ ਨੇ ਡਾਰ ਦੀ ਹੱਤਿਆ ਕੀਤੀ। ਅੱਤਵਾਦੀਆਂ ਨੇ 2 ਅਕਤੂਬਰ ਨੂੰ ਡਾਰ ਦੀ ਹੱਤਿਆ ਕਰ ਦਿੱਤੀ ਸੀ। ਡਾਰ ਨੂੰ ਅੱਤਵਾਦੀਆਂ ਨੇ ਸਿਰਫ਼ ਇਸ ਸ਼ੱਕ 'ਤੇ ਮਾਰ ਦਿੱਤਾ ਸੀ ਕਿ ਉਸ ਦੇ ਸੁਰੱਖਿਆ ਬਲਾਂ ਨਾਲ ਕਥਿਤ ਸਬੰਧ ਸਨ।
ਮਾਜ਼ਿਦ ਅਹਿਮਦ ਗੋਜਰੀ : ਸ੍ਰੀਨਗਰ ਦੇ ਚੱਟਬਾਲ ਵਾਸੀ ਗੋਜਰੀ ਨੂੰ ਵੀ 2 ਅਕਤੂਬਰ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਕਰਨ ਨਗਰ ਇਲਾਕੇ 'ਚ ਮਦੀਨਾ ਕੰਪਲੈਕਸ ਦੇ ਨੇੜੇ ਅੱਤਵਾਦੀਆਂ ਨੇ ਗੋਜਲੀ ਨੂੰ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਗੋਜਰੀ ਨੂੰ ਸੁਰੱਖਿਆ ਬਲਾਂ ਨਾਲ ਕਥਿਤ ਸਬੰਧਾਂ ਕਾਰਨ ਵੀ ਮਾਰ ਦਿੱਤਾ ਗਿਆ ਸੀ।
ਮੱਖਣ ਲਾਲ ਬਿੰਦੂ: ਅੱਤਵਾਦੀਆਂ ਨੇ 5 ਅਕਤੂਬਰ ਨੂੰ ਮੱਖਣ ਲਾਲ ਬਿੰਦੂ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾਇਆ ਸੀ। ਬਿੰਦੂ ਕਸ਼ਮੀਰੀ ਪੰਡਤ ਸੀ ਤੇ ਉਸ ਦੀ ਫਾਰਮੇਸੀ ਦੀ ਦੁਕਾਨ ਸੀ। ਗੋਲੀ ਲੱਗਣ ਤੋਂ ਬਾਅਦ ਬਿੰਦੂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਉਹ 1990 ਦੇ ਦਹਾਕੇ ਦੇ ਅਰੰਭ ਤੋਂ ਕਸ਼ਮੀਰ 'ਚ ਪਰਿਵਾਰ ਨਾਲ ਰਹਿ ਰਿਹਾ ਸੀ।
ਵਰਿੰਦਰ ਪਾਸਵਾਨ : ਵਰਿੰਦਰ ਪਾਸਵਾਨ ਸ੍ਰੀਨਗਰ ਦੇ ਲਾਲ ਬਾਜ਼ਾਰ 'ਚ ਸਟਰਾਈਡ ਫੂਡ ਦਾ ਕਾਰੋਬਾਰ ਕਰਦਾ ਸੀ। ਵਰਿੰਦਰ ਪਾਸਵਾਨ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਦਾ ਵਸਨੀਕ ਸੀ। ਵਰਿੰਦਰ ਪਾਸਵਾਨ ਉਸੇ ਦਿਨ ਮਾਰਿਆ ਗਿਆ ਸੀ, ਜਦੋਂ ਬਿੰਦੂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ।
ਮੁਹੰਮਦ ਸ਼ਫੀ ਲੋਨ : ਅੱਤਵਾਦੀਆਂ ਨੇ ਬਾਂਦੀਪੋਰਾ 'ਚ ਇਕ ਟੈਕਸੀ ਸਟੈਂਡ ਦੇ ਚੇਅਰਮੈਨ ਸ਼ਫੀ ਨੂੰ ਗੋਲੀ ਮਾਰ ਦਿੱਤੀ ਸੀ, ਉਸੇ ਦਿਨ ਬਿੰਦੂ ਅਤੇ ਪਾਸਵਾਨ ਮਾਰੇ ਗਏ ਸਨ। ਸ਼ਫੀ ਪੇਸ਼ੇ ਤੋਂ ਡਰਾਈਵਰ ਸੀ। ਸ਼ਫੀ ਦੇ ਕਤਲ ਤੋਂ ਬਾਅਦ ਭੱਜ ਰਹੇ ਲਸ਼ਕਰ ਦੇ ਅੱਤਵਾਦੀ ਇਮਤਿਆਜ਼ ਅਹਿਮਦ ਡਾਰ ਨੂੰ ਫ਼ੌਜੀਆਂ ਨੇ ਮਾਰ ਦਿੱਤਾ ਸੀ।
ਸੁਪਿੰਦਰ ਕੌਰ : ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਦੀ 7 ਅਕਤੂਬਰ ਨੂੰ ਅੱਤਵਾਦੀਆਂ ਨੇ ਹੱਤਿਆ ਕਰ ਦਿੱਤੀ ਸੀ। ਉਹ ਈਦਗਾਹ ਖੇਤਰ ਦੇ ਗੌਰਮਿੰਟ ਬੁਆਏਜ਼ ਹਾਇਰ ਸੈਕੰਡਰੀ ਸਕੂਲ 'ਚ ਪ੍ਰਿੰਸੀਪਲ ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਸਕੂਲ 'ਚ ਡਿਊਟੀ ਦੌਰਾਨ ਅੱਤਵਾਦੀਆਂ ਨੇ ਮਾਰ ਦਿੱਤਾ ਸੀ।
ਦੀਪਕ ਚੰਦ : ਉਹ ਸੁਪਿੰਦਰ ਕੌਰ ਦੇ ਸਕੂਲ 'ਚ ਅਧਿਆਪਕ ਸਨ। ਦੀਪਕ ਚੰਦ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਸਨ ਅਤੇ ਜੰਮੂ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਉਸੇ ਦਿਨ ਸਵੇਰੇ 11 ਵਜੇ ਸਕੂਲ 'ਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਸਗੀਰ ਅਹਿਮਦ : ਅੱਤਵਾਦੀਆਂ ਨੇ 16 ਅਕਤੂਬਰ ਨੂੰ ਸਗੀਰ ਅਹਿਮਦ ਦੀ ਹੱਤਿਆ ਕਰ ਦਿੱਤੀ ਸੀ। ਉਹ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਵਸਨੀਕ ਸਨ ਅਤੇ ਪੇਸ਼ੇ ਵਜੋਂ ਤਰਖਾਣ ਦਾ ਕੰਮ ਕਰਦੇ ਸਨ। ਗੋਲੀ ਚੱਲਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਰਹੀ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਅਰਵਿੰਦ ਕੁਮਾਰ ਸ਼ਾਹ : ਸ਼੍ਰੀਨਗਰ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਗੋਲਗੱਪੇ ਵੇਚਣ ਵਾਲੇ ਅਰਵਿੰਦ ਸ਼ਾਹ ਦੀ ਹੱਤਿਆ ਕਰ ਦਿੱਤੀ ਸੀ। ਉਹ ਬਿਹਾਰ ਦੇ ਬਾਂਕਾ ਜ਼ਿਲ੍ਹੇ ਦਾ ਵਸਨੀਕ ਸੀ। ਉਹ ਲਗਪਗ 30 ਸਾਲਾਂ ਦਾ ਸੀ। ਅਰਵਿੰਦ ਸ਼ਹਿਰ ਦੇ ਈਦਗਾਹ ਇਲਾਕੇ 'ਚ ਇਕ ਪਾਰਕ ਦੇ ਬਾਹਰ ਗੋਲਗੱਪੇ ਵੇਚਦਾ ਸੀ।
ਰਾਜਾ ਰੇਸ਼ੀ ਦੇਵ : ਰਾਜਾ ਦੇਵ ਬਿਹਾਰ ਦਾ ਇਕ ਮਜ਼ਦੂਰ ਸੀ, ਜੋ ਜੰਮੂ-ਕਸ਼ਮੀਰ 'ਚ ਕੰਮ ਕਰ ਰਿਹਾ ਸੀ। ਕਰਿਆਨੇ ਦੀ ਦੁਕਾਨ 'ਚ ਕੰਮ ਕਰਦੇ ਸਮੇਂ ਅੱਤਵਾਦੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਜੋਗਿੰਦਰ ਰੇਸ਼ੀ ਦੇਵ: ਅੱਤਵਾਦੀਆਂ ਨੇ ਜੋਗਿੰਦਰ ਦੇਵ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜੋਗਿੰਦਰ ਦਾ ਕਤਲ ਉਸੇ ਦੁਕਾਨ 'ਤੇ ਹੋਇਆ ਜਿੱਥੇ ਰਾਜਾ ਦੇਵ ਦਾ ਕਤਲ ਹੋਇਆ ਸੀ। ਅੱਤਵਾਦੀਆਂ ਨੇ ਦੁਕਾਨ 'ਤੇ ਹਮਲਾ ਕੀਤਾ ਤੇ ਜੋਗਿੰਦਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜੋਗਿੰਦਰ ਵੀ ਬਿਹਾਰ ਦਾ ਵਸਨੀਕ ਸੀ।
ਦੱਸ ਦੇਈਏ ਕਿ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ 'ਚ ਹੁਣ ਤਕ ਫ਼ੌਜ ਦੇ 2 ਜੂਨੀਅਰ ਕਮਿਸ਼ਨਡ ਅਫਸਰਾਂ ਸਮੇਤ ਕੁੱਲ 9 ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਨਹੀਂ ਹੈ ਕਿ ਫ਼ੌਜੀਆਂ ਦੀ ਜਵਾਬੀ ਕਾਰਵਾਈ ਵਿੱਚ ਕਿੰਨੇ ਅੱਤਵਾਦੀ ਮਾਰੇ ਗਏ ਹਨ।