ਮੋਦੀ ਸਰਕਾਰ ’ਚ ਸਿੰਧੀਆ ਬਣ ਸਕਦੇ ਰੇਲ ਮੰਤਰੀ, ਕੇਂਦਰੀ ਵਜ਼ਾਰਤ ’ਚ ਵਾਧਾ ਇਸੇ ਮਹੀਨੇ ਸੰਭਵ
ਜਿਓਤਿਰਾਦਿੱਤਿਆ ਸਿੰਧੀਆ ਇਸ ਤੋਂ ਪਹਿਲਾਂ ਵੀ ਦੋ ਵਾਰ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਕੇਂਦਰੀ ਸੂਚਨਾ ਤੇ ਟੈਕਨੋਲੋਜੀ ਰਾਜ ਮੰਤਰੀ ਬਣਾਇਆ ਗਿਆ ਸੀ।
ਨਵੀਂ ਦਿੱਲੀ: ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਮੋਦੀ ਮੰਤਰੀ ਮੰਡਲ ਦਾ ਵਿਸਥਾਰ ਹੋ ਸਕਦਾ ਹੈ। ਇਸ ਵਿੱਚ ਰਾਜ ਸਭਾ ਦੇ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ ਨੂੰ ਵੀ ਜਗ੍ਹਾ ਮਿਲ ਸਕਦੀ ਹੈ। ਅਜਿਹੀਆਂ ਵੀ ਕਨਸੋਆਂ ਹਨ ਕਿ ਸਿੰਧੀਆ ਨੂੰ ਰੇਲ ਮੰਤਰਾਲਾ ਜਾਂ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਮਿਲ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਇਸ ਵੇਲੇ 60 ਮੰਤਰੀ ਹਨ, ਜਦ ਕਿ ਇਸੇ ਮਹੀਨੇ ਕੇਂਦਰੀ ਵਜ਼ਾਰਤ ’ਚ ਹੋਣ ਵਾਲੇ ਸੰਭਾਵੀ ਵਾਧੇ ਨਾਲ ਮੰਤਰੀਆਂ ਦੀ ਗਿਣਤੀ ਵਧ ਕੇ 79 ਹੋ ਸਕਦੀ ਹੈ। ਦਰਅਸਲ, ਇਸ ਵੇਲੇ ਕਈ ਮੰਤਰੀਆਂ ਕੋਲ ਦੋ-ਤਿੰਨ ਮੰਤਰਾਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫੇਰ-ਬਦਲ ਵਿੱਚ ਕੁਝ ਨੌਜਵਾਨ ਚਿਹਰੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ।
ਸੂਤਰਾਂ ਅਨੁਸਾਰ ਸਿੰਧੀਆ ਨਾਲ ਦੋ ਸਾਬਕਾ ਮੁੱਖ ਮੰਤਰੀਆਂ- ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ ਤੇ ਆਸਾਮ ਦੇ ਸਰਵਾਨੰਦ ਸੋਨੋਵਾਲ ਦਾ ਕੇਂਦਰੀ ਮੰਤਰੀ ਹੁਣ ਲਗਭਗ ਤੈਅ ਹੈ। ਸਿੰਧੀਆ ਦੇ ਸਮਰਥਕ ਤੇ ਪ੍ਰਮੁੱਖ ਆਗੂ ਮੁਤਾਬਕ ਮੋਦੀ ਵਜ਼ਾਰਤ ਵਿੱਚ ਹੁਣ ਛੇਤੀ ਹੀ ਵਾਧਾ ਕੀਤਾ ਜਾ ਸਕਦਾ ਹੈ ਤੇ ਇਹ ਵਾਧਾ ਇਸੇ ਮਹੀਨੇ ਸੰਭਵ ਹੈ।
ਦੱਸ ਦੇਈਏ ਕਿ ਜਿਓਤਿਰਾਦਿੱਤਿਆ ਸਿੰਧੀਆ ਇਸ ਤੋਂ ਪਹਿਲਾਂ ਵੀ ਦੋ ਵਾਰ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਕੇਂਦਰੀ ਸੂਚਨਾ ਤੇ ਟੈਕਨੋਲੋਜੀ ਰਾਜ ਮੰਤਰੀ ਬਣਾਇਆ ਗਿਆ ਸੀ। ਸਾਲ 2009 ’ਚ ਉਨ੍ਹਾਂ ਵਣਜ ਤੇ ਉਦਯੋਗ ਰਾਜ ਮੰਤਰੀ ਜ਼ਿੰਮੇਵਾਰੀ ਸੰਭਾਲੀ ਗਈ ਸੀ।
49 ਸਾਲਾ ਸਿੰਧੀਆ 2002 ’ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ। ਫਿਰ 18 ਸਾਲਾਂ ਬਾਅਦ ਪਿਛਲੇ ਸਾਲ ਮਾਰਚ ਮਹੀਨੇ ਉਨ੍ਹਾਂ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਉਸ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ 22 ਵਿਧਾਇਕ ਵੀ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ; ਉਹ ਸਾਰੇ ਹੀ ਸਿੰਧੀਆ ਸਮਰਥਕ ਸਨ।
ਉਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਕਾਰਨ ਮੱਧ ਪ੍ਰਦੇਸ਼ ਦੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਸੀ, ਜਿਸ ਕਾਰਨ ਕਾਂਗਰਸ ਦੇ ਮੁੱਖ ਮੰਤਰੀ ਕਮਲਨਾਥ ਨੇ 20 ਮਾਰਚ ਨੂੰ ਅਸਤੀਫ਼ਾ ਦੇ ਦਿੱਤਾ ਸੀ। ਫਿਰ 23 ਮਾਰਚ ਨੂੰ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਬਣੀ ਸੀ।