ਅੱਜ ਵੀ ਅੰਧਵਿਸ਼ਵਾਸ 'ਚ ਫਸੇ ਲੋਕ, ਮਾਪੇ ਬੁਖਾਰ ਠੀਕ ਕਰਨ ਲਈ ਅਗਰਬੱਤੀ ਨਾਲ ਸਾੜਦੇ ਆਪਣੇ ਬੱਚੇ, ਜਾਣੋ ਪੂਰਾ ਮਾਮਲਾ
Karnataka News: ਕਰਨਾਟਕ ਵਿੱਚ ਸਥਿਤ ਕੋਪਲ ਦੇ ਇਸ ਪਿੰਡ ਵਿੱਚ ਮਾਪੇ ਬੁਖਾਰ ਤੋਂ ਪੀੜਤ ਆਪਣੇ ਬੱਚਿਆਂ ਨੂੰ ਦਵਾਈ ਦੇਣ ਦੀ ਬਜਾਏ ਅਗਰਬੱਤੀ ਨਾਲ ਜਲਾਉਂਦੇ ਹਨ।

Karnataka News: ਕਰਨਾਟਕ ਵਿੱਚ ਸਥਿਤ ਕੋਪਲ ਦੇ ਇਸ ਪਿੰਡ ਵਿੱਚ ਮਾਪੇ ਬੁਖਾਰ ਤੋਂ ਪੀੜਤ ਆਪਣੇ ਬੱਚਿਆਂ ਨੂੰ ਦਵਾਈ ਦੇਣ ਦੀ ਬਜਾਏ ਅਗਰਬੱਤੀ ਨਾਲ ਜਲਾਉਂਦੇ ਹਨ। ਪਿਛਲੇ ਮਹੀਨੇ ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੇ ਸੱਤ ਮਹੀਨੇ ਦੇ ਬੱਚੇ ਦੇ ਇਲਾਜ ਲਈ ਅਗਰਬੱਤੀ ਦੀ ਵਰਤੋਂ ਕੀਤੀ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਪਿੰਡ ਵਿੱਠਲਪੁਰ ਅਤੇ ਨੇੜੇ-ਤੇੜੇ ਦੇ ਇਲਾਕਿਆਂ ਤੋਂ ਜਾਣਕਾਰੀ ਇਕੱਠੀ ਕਰਨ ਵਾਲੀਆਂ ਸਮਾਜਿਕ ਵਰਕਰਾਂ ਨੂੰ ਪਤਾ ਲੱਗਿਆ ਕਿ ਜ਼ਿਲ੍ਹੇ ਵਿੱਚ ਅਜਿਹੇ 18 ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਕੁਝ ਮਾਮਲੇ ਸਾਹਮਣੇ ਆਏ, ਪਰ ਬਹੁਤ ਸਾਰੇ ਮਾਮਲਿਆਂ 'ਤੇ ਕਿਸੇ ਦਾ ਧਿਆਨ ਨਹੀਂ ਗਿਆ। ਦੱਸਿਆ ਜਾਂਦਾ ਹੈ ਕਿ ਪਿੰਡ ਵਾਸੀ ਬੱਚਿਆਂ ਦੀ ਸਕਿਨ ਨੂੰ ਅਗਰਬੱਤੀਆਂ ਨਾਲ ਸਾੜਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਅਗਰਬੱਤੀ ਦੀ ਸੁਆਹ ਵਿੱਚ ਬੁਖਾਰ ਠੀਕ ਕਰਨ ਦੀ ਸ਼ਕਤੀ ਹੁੰਦੀ ਹੈ ਅਤੇ ਪਰਮਾਤਮਾ ਉਨ੍ਹਾਂ ਨੂੰ ਹਿੰਮਤ ਦਿੰਦਾ ਹੈ।
ਸੱਤ ਮਹੀਨੇ ਦੇ ਬੱਚੇ ਦੀ ਮੌਤ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਨੂੰ ਗੰਭੀਰਤਾ ਨਾਲ ਲਿਆ ਅਤੇ ਹੁਣ ਸਾਰੇ 18 ਬੱਚਿਆਂ ਦੇ ਮਾਪਿਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ। ਕੋਪਲ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਦੁਨੀਆ ਅੱਗੇ ਵੱਧ ਰਹੀ ਹੈ, ਪਰ ਵਿੱਠਲਪੁਰ ਦੇ ਪਿੰਡ ਵਾਸੀ ਅਜੇ ਵੀ ਅੰਧਵਿਸ਼ਵਾਸਾਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਡਾਕਟਰੀ ਜ਼ਰੂਰਤਾਂ ਨੂੰ ਸਮਝੇ ਬਿਨਾਂ ਆਪਣੇ ਬੱਚਿਆਂ ਨੂੰ ਮਾਰ ਰਹੇ ਹਨ। ਇਹ ਘਟਨਾ ਕੁਝ ਮਹੀਨੇ ਪਹਿਲਾਂ ਕੁਝ ਸਮਾਜ ਸੇਵਕਾਂ ਦੇ ਧਿਆਨ ਵਿੱਚ ਆਈ ਸੀ, ਪਰ ਇਸਦਾ ਕੋਈ ਸਬੂਤ ਨਹੀਂ ਸੀ।
ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਧਿਕਾਰੀਆਂ ਨੇ ਆਪਣੇ ਹਸਪਤਾਲਾਂ ਵਿੱਚ ਅਜਿਹੇ ਮਾਮਲਿਆਂ ਦੀ ਨੇੜਿਓਂ ਨਿਗਰਾਨੀ ਕਰਨ ਤੋਂ ਬਾਅਦ ਇਸ ਰੁਝਾਨ ਦੀ ਪੁਸ਼ਟੀ ਕੀਤੀ। ਹੁਣ, ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਬਾਲ ਸੁਰੱਖਿਆ ਇਕਾਈਆਂ ਨੂੰ ਪਿੰਡ ਵਿੱਚ ਚੌਕਸੀ ਰੱਖਣ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ ਹਨ। ਕੁਝ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਕੁਝ ਪਰਿਵਾਰ ਅਜਿਹੇ ਅੰਧਵਿਸ਼ਵਾਸਾਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ ਅਤੇ ਆਪਣੇ ਵਿਸ਼ਵਾਸ ਦੂਜਿਆਂ ਤੱਕ ਵੀ ਪਹੁੰਚਾਉਂਦੇ ਹਨ।
ਉਨ੍ਹਾਂ ਕਿਹਾ, "ਸਾਨੂੰ ਇਹ ਸੁਣ ਕੇ ਹੈਰਾਨੀ ਹੋਈ ਹੈ ਕਿ ਮਾਪੇ ਬਿਹਤਰ ਸਿਹਤ ਲਈ ਆਪਣੇ ਬੱਚਿਆਂ ਦੀ ਚਮੜੀ ਨੂੰ ਅਗਰਬੱਤੀ ਨਾਲ ਸਾੜਦੇ ਹਨ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਬੇਨਤੀ ਕਰਦੇ ਹਾਂ ਕਿ ਉਹ ਗਲਤ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਅਜਿਹੇ ਕੰਮ ਕਰਨ ਵਾਲਿਆਂ 'ਤੇ ਨਜ਼ਰ ਰੱਖਣ, ਉੱਥੇ ਹੀ ਅਜਿਹੇ ਜ਼ਾਲਮ ਕੰਮ ਕਰਵਾਉਣ ਵਾਲੇ 'ਬਾਬਿਆਂ' ਨੂੰ ਵੀ ਗ੍ਰਿਫ਼ਤਾਰ ਕਰਨ।" ਕਨਕਾਗਿਰੀ ਤਾਲੁਕ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ, "ਡੀਸੀ ਨੇ ਸਾਨੂੰ ਗਲਤ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਸੀਂ ਚੌਕਸੀ ਰੱਖਾਂਗੇ ਅਤੇ ਪਿੰਡ ਵਾਸੀਆਂ ਵਿੱਚ ਜਾਗਰੂਕਤਾ ਪੈਦਾ ਕਰਾਂਗੇ।"






















