ਪੜਚੋਲ ਕਰੋ
ਦਿੱਲੀ 'ਚ ਭਿੰਡਰਾਂਵਾਲੇ ਦਾ ਸਾਥੀ ਗ੍ਰਿਫ਼ਤਾਰ, ਵੱਡੀਆਂ ਵਾਰਦਾਤਾਂ 'ਚ ਸੀ ਸ਼ਮੂਲੀਅਤ

ਨਵੀਂ ਦਿੱਲੀ: ਪਾਬੰਦੀਸ਼ੁਦਾ ਖਾੜਕੂ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀ ਗੁਰਸੇਵਕ ਸਿੰਘ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਦਾ ਕਹਿਣਾ ਹੈ ਕਿ 53 ਸਾਲਾ ਗੁਰਸੇਵਕ ਸਿੰਘ ਪਾਕਿਸਤਾਨ ਵੱਸਦੇ ਕੇਸੀਐਫ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਇਸ਼ਾਰੇ 'ਤੇ ਜਥੇਬੰਦੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਕੰਮ ਕਰ ਰਿਹਾ ਸੀ। ਗੁਰਸੇਵਕ ਨੂੰ ਬੀਤੇ ਕੱਲ੍ਹ ਦਿੱਲੀ ਦੇ ਬੱਸ ਅੱਡੇ ਤੋਂ ਕਾਬੂ ਕੀਤਾ ਗਿਆ, ਜਿੱਥੇ ਉਹ ਆਪਣੇ ਜਾਣਕਾਰ ਨੂੰ ਮਿਲਣ ਆਇਆ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਤੇ ਹੋਰਨਾਂ ਨਾਲ ਵੀ ਸੰਪਰਕ ਵਿੱਚ ਸੀ। ਗੁਰਸੇਵਕ ਨੇ 26 ਸਾਲ ਤਕ ਦਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਹੈ ਤੇ ਉਸ ਦੇ ਕਈ ਦਹਿਸ਼ਤਪਸੰਦ ਜਥੇਬੰਦੀਆਂ ਨਾਲ ਸੰਪਰਕ ਵੀ ਹਨ। ਪੁਲਿਸ ਦਾ ਦਾਅਵਾ ਹੈ ਕਿ ਅੱਤਵਾਦ ਦੇ ਦੌਰ ਸਮੇਂ ਪੰਜਾਬ, ਦਿੱਲੀ ਤੇ ਰਾਜਸਥਾਨ ਵਿੱਚ ਸੁਰੱਖਿਆ ਏਜੰਸੀਆਂ ਦੇ ਮੁਖਬਰਾਂ ਦੇ ਕਤਲ ਦੇ ਨਾਲ-ਨਾਲ ਗੁਰਸੇਵਕ ਸਿੰਘ ਤੇ ਉਸ ਦੇ ਸਾਥੀ ਹਿੰਦੀ ਸਮਾਚਾਰ ਦੇ ਸੰਪਾਦਕ ਰਮੇਸ਼ ਚੰਦਰ (1984), ਪੰਜਾਬ ਦੇ ਡੀਜੀਪੀ ਜੂਲੀਓ ਰਿਬੈਰੋ (1986) ਤੇ ਥਾਣੇ 'ਤੇ ਹਮਲਾ ਕਰਕੇ ਕੇਸੀਐਫ ਮੁਖੀ ਜਰਨੈਲ ਸਿੰਘ, ਗੁਰਿੰਦਰ ਪਾਲ ਸਿੰਘ ਭੋਲਾ ਤੇ ਸਵਰਨਜੀਤ ਸਿੰਘ ਨੂੰ ਹਿਰਾਸਤ ਵਿੱਚੋਂ ਭਜਾਉਣ ਆਦਿ ਜੁਰਮਾਂ ਵਿੱਚ ਸ਼ਾਮਲ ਰਹੇ ਹਨ। ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ (ਅਪਰਾਧ) ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਵੱਖ-ਵੱਖ ਜੁਰਮਾਂ ਦੀ ਸਜ਼ਾ ਭੁਗਤਦਿਆਂ ਗੁਰਸੇਵਕ ਸਿੰਘ ਸਾਲ 2004 ਦੌਰਾਨ 18 ਸਾਲ ਮਗਰੋਂ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਸੀ। ਇਸ ਤੋਂ ਮਗਰੋਂ ਉਹ ਸਾਲ 2010, 2014, 2015 ਤੇ 2016 ਦੌਰਾਨ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਲ 2017 ਵਿੱਚ ਦਿੱਲੀ ਪੁਲਿਸ ਨੇ ਗੁਰਸੇਵਕ ਸਿੰਘ ਨੂੰ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਪੈਰਵੀ ਪਟਿਆਲਾ ਹਾਊਸ ਅਦਾਲਤ ਵਿੱਚ ਚੱਲ ਰਹੀ ਹੈ, ਪਰ ਗੁਰਸੇਵਕ ਸਿੰਘ ਲਗਾਤਾਰ ਅਦਾਲਤ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ। ਇਸ ਲਈ ਅਦਾਲਤ ਨੇ ਉਸ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















