Kerala Blast: ਕੇਰਲ ਧਮਾਕੇ ਵਾਲੀ ਥਾਂ ਤੋਂ ਮਿਲੀ ਬੈਟਰੀ ਤੇ ਤਾਰ, ਟਿਫਨ 'ਚ ਰੱਖਿਆ ਗਿਆ ਸੀ ਬੰਬ
Kochi blast News: ਕੇਰਲ ਦੇ ਕੋਚੀ ਕਨਵੈਨਸ਼ਨ ਸੈਂਟਰ ਵਿੱਚ ਈਸਾਈ ਭਾਈਚਾਰੇ ਦੀ ਪ੍ਰਾਰਥਨਾ ਸਭਾ ਵਿੱਚ ਹੋਏ ਧਮਾਕੇ ਵਾਲੀ ਥਾਂ ਦੀ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਨੇ ਕਈ ਯੰਤਰ ਬਰਾਮਦ ਕੀਤੇ ਹਨ।
Kerala Blast News: ਕੇਰਲ ਦੇ ਕੋਚੀ ਕਨਵੈਨਸ਼ਨ ਸੈਂਟਰ ਵਿੱਚ ਈਸਾਈ ਭਾਈਚਾਰੇ ਦੀ ਪ੍ਰਾਰਥਨਾ ਸਭਾ ਵਿੱਚ ਇੱਕ ਤੋਂ ਬਾਅਦ ਇੱਕ ਹੋਏ ਲੜੀਵਾਰ ਧਮਾਕਿਆਂ ਵਿੱਚ ਅੱਤਵਾਦ ਦਾ ਕੋਣ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋਏ ਸਨ। ਮੁਢਲੀ ਜਾਂਚ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਧਮਾਕੇ ਲਈ ਵਰਤੀਆਂ ਗਈਆਂ ਬੈਟਰੀਆਂ, ਤਾਰਾਂ ਅਤੇ ਹੋਰ ਯੰਤਰ ਬਰਾਮਦ ਕੀਤੇ ਹਨ।
ਘਟਨਾ ਵਾਲੀ ਥਾਂ ਤੋਂ ਕਈ ਹੋਰ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ ਜੋ ਧਮਾਕੇ ਦੀ ਤੀਬਰਤਾ ਦਾ ਅੰਦਾਜ਼ਾ ਲਗਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ 2000 ਤੋਂ ਵੱਧ ਲੋਕ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋ ਰਹੇ ਸਨ।
ਟਿਫਨ ਵਿੱਚ ਬੰਬ ਰੱਖੇ ਹੋਣ ਦਾ ਸ਼ੱਕ
ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਉੱਠ ਰਹੀਆਂ ਹਨ ਅਤੇ ਇਸ ਦੇ ਵਿਚਕਾਰ ਕੁਰਸੀਆਂ ਡਿੱਗੀਆਂ ਹੋਈਆਂ ਹਨ। ਜ਼ਾਹਿਰ ਹੈ ਕਿ ਧਮਾਕੇ ਤੋਂ ਬਾਅਦ ਲੋਕਾਂ ਦੀਆਂ ਚੀਕਾਂ ਅਤੇ ਹਫੜਾ-ਦਫੜੀ, ਇੱਕ ਤੋਂ ਬਾਅਦ ਇੱਕ ਧਮਾਕਿਆਂ ਦੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਸਨ। ਵੀਡੀਓ 'ਚ ਦਿਸੀਆਂ ਅੱਗਾਂ ਤੋਂ ਪਤਾ ਲੱਗਦਾ ਹੈ ਕਿ ਧਮਾਕੇ ਦੀ ਤੀਬਰਤਾ ਘੱਟ ਨਹੀਂ ਸੀ।
ਮੁੱਢਲੀ ਜਾਂਚ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਬੈਟਰੀਆਂ, ਤਾਰਾਂ ਅਤੇ ਹੋਰ ਉਪਕਰਨਾਂ ਦੇ ਆਧਾਰ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਟਿਫਿਨ ਵਿੱਚ ਰੱਖ ਕੇ ਬੰਬ ਬਣਾਇਆ ਗਿਆ ਸੀ।
ਹਰਕਤ 'ਚ ਗ੍ਰਹਿ ਮੰਤਰਾਲਾ
ਘਟਨਾ ਦੀ ਤੀਬਰਤਾ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਨੈਸ਼ਨਲ ਸਕਿਓਰਿਟੀ ਗਾਰਡ (ਐੱਨ.ਐੱਸ.ਜੀ.) ਦਾ ਬੰਬ ਦਸਤਾ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਮੌਕੇ 'ਤੇ ਪਹੁੰਚ ਰਹੀ ਹੈ। ਐਂਟੀ ਟੈਰਰਿਸਟ ਸਕੁਐਡ (ਏਟੀਐਸ) ਦੀ ਟੀਮ ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਈ ਹੈ। ਇਹ ਕੇਂਦਰੀ ਏਜੰਸੀਆਂ ਪੁਲਿਸ ਦੇ ਨਾਲ ਮਿਲ ਕੇ ਇਨ੍ਹਾਂ ਸਾਰੇ ਯੰਤਰਾਂ ਦੀ ਜਾਂਚ ਕਰਕੇ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕਰਨਗੀਆਂ।
ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ
ਘਟਨਾ ਤੋਂ ਬਾਅਦ ਕੇਰਲ ਪੁਲਿਸ ਦੇ ਡਾਇਰੈਕਟਰ ਜਨਰਲ, ਡੀਜੀਪੀ ਡਾਕਟਰ ਸ਼ੇਖ ਦਰਵੇਸ਼ ਸਾਹਬ ਨੇ ਰਾਜ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਸ ਨੇ ਦੱਸਿਆ ਹੈ ਕਿ ਇਹ ਧਮਾਕੇ ਸਵੇਰੇ 9.40 ਵਜੇ ਹੋਏ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 36 ਹੋਰ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਵਾਰਦਾਤ ਦੇ ਪਿੱਛੇ ਜੋ ਵੀ ਹਨ, ਉਨ੍ਹਾਂ ਦਾ ਪਤਾ ਲਗਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਕੇਰਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਵੀ ਸੁਰੱਖਿਆ ਸਖ਼ਤ ਕੀਤੀ ਜਾ ਰਹੀ ਹੈ। ਭੀੜ-ਭੜੱਕੇ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਰਿਪੋਰਟ ਕੀਤੀ ਗਈ ਕਿਸੇ ਵੀ ਘਟਨਾ ਨੂੰ ਹਲਕੇ ਵਿੱਚ ਨਹੀਂ ਲਿਆ ਜਾਵੇਗਾ।