ਨਿੰਬੂ ਪਾਣੀ ਵੀ ਹੋਇਆ ਮਹਿੰਗਾ ! ਇਸ ਸ਼ਹਿਰ 'ਚ 400 ਰੁਪਏ ਪ੍ਰਤੀ ਕਿਲੋ ਵਿਕ ਰਿਹੈ ਨਿੰਬੂ
ਗਰਮੀ ਵੱਧਣ ਦੇ ਨਾਲ ਹੀ ਰਾਜਸਥਾਨ 'ਚ ਨਿੰਬੂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਸੂਬੇ 'ਚ ਪਿਛਲੇ ਦੋ ਦਿਨਾਂ ਤੋਂ ਬਾਜ਼ਾਰ 'ਚ ਨਿੰਬੂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਜੈਪੁਰ: ਗਰਮੀ ਵੱਧਣ ਦੇ ਨਾਲ ਹੀ ਰਾਜਸਥਾਨ 'ਚ ਨਿੰਬੂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਸੂਬੇ 'ਚ ਪਿਛਲੇ ਦੋ ਦਿਨਾਂ ਤੋਂ ਬਾਜ਼ਾਰ 'ਚ ਨਿੰਬੂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੁਕਾਨਾਂ 'ਤੇ ਨਿੰਬੂ ਪਾਣੀ ਦਾ ਗਿਲਾਸ 20 ਰੁਪਏ 'ਚ ਵਿਕ ਰਿਹਾ ਹੈ। ਪਿਛਲੇ ਹਫ਼ਤੇ ਤੱਕ ਨਿੰਬੂ ਦੀ ਕੀਮਤ ਥੋਕ ਵਿੱਚ 340-350 ਰੁਪਏ ਪ੍ਰਤੀ ਕਿਲੋ ਸੀ।
ਪਿਛਲੇ ਸਾਲ ਤੱਕ ਗਰਮੀਆਂ ਦੇ ਮੌਸਮ ਵਿੱਚ ਨਿੰਬੂ ਦਾ ਭਾਅ 60 ਤੋਂ 80 ਰੁਪਏ ਪ੍ਰਤੀ ਕਿਲੋ ਹੁੰਦਾ ਸੀ ਪਰ ਇਸ ਵਾਰ ਸਾਰੇ ਰਿਕਾਰਡ ਟੁੱਟ ਗਏ। ਮਹਿੰਗੇ ਭਾਅ ਕਾਰਨ ਆਮ ਪਰਿਵਾਰਾਂ ਦੀ ਰਸੋਈ ਵਿੱਚੋਂ ਨਿੰਬੂ ਗਾਇਬ ਹੋ ਗਿਆ ਹੈ। ਜੈਪੁਰ ਦੀ ਮੁਹਾਣਾ ਮੰਡੀ ਦੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੇ ਨਿੰਬੂ ਦੀ ਫ਼ਸਲ ਘੱਟ ਕੀਤੀ ਹੈ। ਇਸ ਕਾਰਨ ਇਹ ਸੀਮਤ ਮਾਤਰਾ ਵਿੱਚ ਆ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਦੂਜੇ ਰਾਜਾਂ ਤੋਂ ਨਿੰਬੂ ਮੰਗਵਾਇਆ ਜਾ ਰਿਹਾ ਹੈ, ਜੋ ਬਹੁਤ ਮਹਿੰਗਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੈਪੁਰ ਵਿੱਚ ਇੱਕ ਨਿੰਬੂ 25 ਤੋਂ 27 ਰੁਪਏ ਵਿੱਚ ਵਿਕ ਰਿਹਾ ਹੈ। ਜੈਪੁਰ ਸਮੇਤ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ 'ਚ ਬੁੱਧਵਾਰ ਨੂੰ ਤਾਪਮਾਨ 40 ਤੋਂ 43 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਗਰਮ ਹਵਾਵਾਂ ਚੱਲਣ ਦੀ ਚੇਤਾਵਨੀ ਦੇ ਦਿੱਤੀ ਹੈ। ਅਜਿਹੇ 'ਚ ਹੁਣ ਤੱਕ ਗਰਮੀ ਤੋਂ ਰਾਹਤ ਦੇਣ ਲਈ ਵਰਤਿਆ ਜਾਣ ਵਾਲਾ ਨਿੰਬੂ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ।
ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਮਾਰਚ ਦੇ ਦੂਜੇ ਹਫ਼ਤੇ ਤੱਕ ਨਿੰਬੂ ਦਾ ਭਾਅ 200 ਤੋਂ 220 ਰੁਪਏ ਪ੍ਰਤੀ ਕਿਲੋ ਸੀ। ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਗਰਮੀ ਦੇ ਮੌਸਮ 'ਚ ਸਬਜ਼ੀਆਂ ਦੇ ਭਾਅ ਵਧ ਜਾਂਦੇ ਹਨ ਪਰ ਪਹਿਲੀ ਵਾਰ ਨਿੰਬੂ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਬੇਮੌਸਮੀ ਬਰਸਾਤ ਤੇ ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਭਿੰਡੀ ਤੇ ਫਲੀਆਂ ਥੋਕ ਮੰਡੀਆਂ ਵਿੱਚ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ।
ਇਹ ਵੀ ਪੜ੍ਹੋ :DHL Cargo Plane : ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ 2 ਟੁਕੜੇ , ਦੇਖੋ ਵੀਡੀਓ