ਲੌਕਡਾਊਨ ਦੌਰਾਨ ਹਰਿਆਣਾ 'ਚ ਸ਼ਰਾਬ ਘੁਟਾਲਾ, ਇੱਕ IAS ਤੇ IPS ਖਿਲਾਫ ਕਾਰਵਾਈ ਦੀ ਮੰਗ
ਲੌਕਡਾਊਨ ਦੌਰਾਨ ਹਰਿਆਣਾ 'ਚ ਹੋਏ ਸ਼ਰਾਬ ਘੁਟਾਲੇ ਤੇ ਹੁਣ ਹਰਿਆਣਾ ਸਰਕਾਰ ਦੀ SET (Special Enquiry Team) ਨੇ ਵੀ ਮੋਹਰ ਲਾ ਦਿੱਤੀ ਹੈ।
ਚੰਡੀਗੜ੍ਹ: ਲੌਕਡਾਊਨ ਦੌਰਾਨ ਹਰਿਆਣਾ 'ਚ ਹੋਏ ਸ਼ਰਾਬ ਘੁਟਾਲੇ ਤੇ ਹੁਣ ਹਰਿਆਣਾ ਸਰਕਾਰ ਦੀ SET (Special Enquiry Team) ਨੇ ਵੀ ਮੋਹਰ ਲਾ ਦਿੱਤੀ ਹੈ। 'ABP ਨਿਊਜ਼' ਨੇ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਹੁਣ ਇਸ ਮਾਮਲੇ 'ਚ SET ਦੀ ਰਿਪੋਰਟ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇੱਕ IAS ਤੇ ਇੱਕ IPS ਅਫ਼ਸਰ ਦੇ ਖਿਲਾਫ ਕਾਰਵਾਈ ਲਈ ਫਾਇਲ ਮੁੱਖ ਮੰਤਰੀ ਦਫ਼ਤਰ ਪਹੁੰਚਾ ਦਿੱਤੀ ਹੈ। 'ABP ਨਿਊਜ਼' ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਵਿਖਾਇਆ ਸੀ। ਲੌਕਡਾਊਨ 'ਚ 27 ਮਾਰਚ, 2020 ਨੂੰ ਹਰਿਆਣਾ 'ਚ ਸ਼ਰਾਬਬੰਦੀ ਹੋਈ ਪਰ ਇਸ ਦੇ ਕੋਈ ਲਿਖਤ ਆਦੇਸ਼ ਜਾਰੀ ਨਹੀਂ ਹੋਏ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਆਬਕਾਰੀ ਅਧਿਕਾਰੀ ਜ਼ਿਲ੍ਹਿਆਂ 'ਚ ਸ਼ਰਾਬ ਦੇ ਪਰਮਿਟ ਤੇ ਪਾਸ ਲੌਕਡਾਊਨ 'ਚ ਵੀ ਜਾਰੀ ਕਰਦੇ ਰਹੇ। ਜੇਕਰ ਕੋਈ ਇਸ ਤੇ ਸਵਾਲ ਕਰਦਾ ਸੀ ਤਾਂ ਲਿਖਤ ਆਦੇਸ਼ ਨਾ ਆਉਣ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਸੀ।
SET ਦੀ ਜਾਂਚ ਹੁਣ ਇਹ ਵੀ ਖੁਲਾਸਾ ਹੋਇਆ ਹੈ ਕਿ ਸੋਨੀਪਤ ਸ਼ਰਾਬ ਘੁਟਾਲੇ ਦੇ ਮਾਸਟਰਮਾਇੰਡ ਠੇਕੇਦਾਰ ਭੁਪਿੰਦਰ ਸਿੰਘ ਨੂੰ ਸੋਨੀਪਤ ਦੇ ਸਾਬਕਾ SP ਨੇ ਸੁਰੱਖਿਆ ਦਿੱਤੀ ਹੋਈ ਸੀ। ਇਸ ਤੋਂ ਇਲਾਵਾ ਉਸ ਦੀ ਜਾਨ ਨੂੰ ਖ਼ਤਰਾ ਦੱਸ ਆਸਲੇ ਦੇ ਲਾਇਸੈਂਸ ਦੀ ਵੀ ਸਿਫਾਰਸ਼ ਕੀਤੀ ਸੀ।
'ABP ਨਿਊਜ਼' ਨੇ ਲੌਕਡਾਊਨ ਦੌਰਾਨ ਸੋਨੀਪਤ ਤੇ ਸਮਾਲਖਾ ਦੇ ਸ਼ਰਾਬ ਗੋਦਾਮ ਤੋਂ ਹਜ਼ਾਰਾਂ ਪੇਟੀਆਂ ਸ਼ਰਾਬ ਗਾਇਬ ਹੋਣ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਹਰਿਆਣਾ ਸਰਕਾਰ ਦੇ IAS ਅਧਿਕਾਰੀ ਟੀਸੀ ਗੁਪਤਾ ਦੀ ਅਗਵਾਈ 'ਚ SET ਦਾ ਗਠਨ ਕੀਤਾ ਸੀ।