Nirmala sitharaman: ਵਿੱਤ ਮੰਤਰੀ ਦਾ ਮੁੱਕਿਆ ‘ਖ਼ਜ਼ਾਨਾ’! ਕਿਹਾ-ਮੇਰੇ ਕੋਲ ਪੈਸੇ ਨਹੀਂ, ਇਸ ਲਈ ਮੈਂ ਨਹੀਂ ਲੜਨੀਆਂ ਚੋਣਾਂ
Lok Sabha Election: ਭਾਜਪਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
Lok Sabha Election 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਚੋਣ ਲੜਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ ਤੋਂ ਚੋਣ ਲੜਨ ਦਾ ਵਿਕਲਪ ਦਿੱਤਾ ਸੀ ਪਰ ਉਨ੍ਹਾਂ ਕੋਲ ਚੋਣ ਲੜਨ ਲਈ ਫੰਡ ਨਹੀਂ ਸਨ। ਇਸ ਕਾਰਨ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ।
ਨਿਰਮਲਾ ਸੀਤਾਰਮਨ ਨੇ ਇੱਕ ਇਵੈਂਟ ਦੌਰਾਨ ਕਿਹਾ, "ਮੈਂ ਇੱਕ ਹਫ਼ਤੇ ਜਾਂ ਦਸ ਦਿਨਾਂ ਤੱਕ ਇਸ ਬਾਰੇ ਸੋਚਿਆ ਅਤੇ ਜਵਾਬ ਦਿੱਤਾ। ਮੇਰੇ ਕੋਲ ਚੋਣਾਂ ਲੜਨ ਲਈ ਲੋੜੀਂਦੇ ਪੈਸੇ ਨਹੀਂ ਹਨ।" ਚੋਣਾਂ ਜਿੱਤਣ ਬਾਰੇ ਉਨ੍ਹਾਂ ਕਿਹਾ ਕਿ ਚਾਹੇ ਆਂਧਰਾ ਪ੍ਰਦੇਸ਼ ਹੋਵੇ ਜਾਂ ਤਾਮਿਲਨਾਡੂ ਦੋਵਾਂ ਥਾਵਾਂ ਉੱਤੇ ਜਿੱਤਣ ਦੇ ਵੱਖ-ਵੱਖ ਮਾਪਦੰਡ ਹਨ।
'ਚੋਣਾਂ ਲੜਨ ਲਈ ਕੋਈ ਫੰਡ ਨਹੀਂ'
ਵਿੱਤ ਮੰਤਰੀ ਨੇ ਕਿਹਾ ਕਿ ਜਿੱਤਣ ਲਈ ਇਹ ਵੀ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਕਿਸ ਭਾਈਚਾਰੇ ਨਾਲ ਸਬੰਧਤ ਹੋ ਜਾਂ ਕਿਸ ਧਰਮ ਨਾਲ ਸਬੰਧਤ ਹੋ? ਉਨ੍ਹਾਂ ਨੇ ਕਿਹਾ, "ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ (ਜੇਪੀ ਨੱਡਾ) ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਕਿ ਮੈਂ ਚੋਣਾਂ ਨਹੀਂ ਲੜ ਰਹੀ ਹਾਂ। ਫੰਡਾਂ ਦੀ ਘਾਟ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੇਰੀ ਤਨਖਾਹ, ਮੇਰੀ ਕਮਾਈ ਅਤੇ ਮੇਰੀ ਬੱਚਤ ਚੋਣ ਲੜਨ ਲਈ ਕਾਫੀ ਨਹੀਂ ਹੈ।
ਵਿੱਤ ਮੰਤਰੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਉਹ ਪਾਰਟੀ ਦੇ ਹੋਰ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਨੇ ਕਿਹਾ, "ਮੈਂ ਕਈ ਮੀਡੀਆ ਪ੍ਰੋਗਰਾਮਾਂ ਵਿੱਚ ਹਿੱਸਾ ਲਵਾਂਗੀ ਅਤੇ ਉਮੀਦਵਾਰਾਂ ਦੇ ਨਾਲ ਰਹਾਂਗੀ।
ਨਿਰਮਲਾ ਸੀਤਾਰਮਨ ਕੋਲ ਕਿੰਨੀ ਜਾਇਦਾਦ ?
ਨਿਰਮਲਾ ਸੀਤਾਰਮਨ ਕੋਲ 1 ਕਰੋੜ 70 ਲੱਖ ਰੁਪਏ ਤੋਂ ਵੱਧ ਦੀ ਰਿਹਾਇਸ਼ੀ ਇਮਾਰਤ ਹੈ। ਇਸ ਤੋਂ ਇਲਾਵਾ ਉਸ ਕੋਲ ਕਰੀਬ 7 ਲੱਖ ਰੁਪਏ ਦੀ ਗ਼ੈਰ-ਖੇਤੀਯੋਗ ਜ਼ਮੀਨ ਹੈ। ਵਿੱਤ ਮੰਤਰੀ ਕੋਲ 18 ਲੱਖ 46 ਰੁਪਏ ਦੇ ਗਹਿਣੇ ਵੀ ਹਨ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਉਨ੍ਹਾਂ ਦੇ ਬੈਂਕ ਵਿੱਚ 35 ਲੱਖ ਰੁਪਏ ਤੋਂ ਵੱਧ ਜਮ੍ਹਾਂ ਹਨ। ਉਨ੍ਹਾਂ ਕੋਲ ਆਪਣੀ ਕੋਈ ਕਾਰ ਨਹੀਂ ਹੈ। ਹਾਲਾਂਕਿ ਕੇਂਦਰੀ ਮੰਤਰੀ ਕੋਲ ਬਜਾਜ ਚੇਤਕ ਸਕੂਟਰ ਹੈ, ਜਿਸ ਦੀ ਕੀਮਤ ਕਰੀਬ 28000 ਰੁਪਏ ਹੈ।