'ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਕਾਰਨ 2500 ਕਰੋੜ ਦਾ ਨੁਕਸਾਨ', RTI 'ਚ ਭਾਜਪਾ ਨੇਤਾ ਪੂਨਾਵਾਲਾ ਦਾ ਦਾਅਵਾ
ਪੂਨਾਵਾਲਾ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ ਸਰਕਾਰ ਨੇ 17 ਨਵੰਬਰ 2021 ਤੋਂ 31 ਅਗਸਤ 2022 ਤੱਕ ਕੁੱਲ 5036 ਕਰੋੜ ਰੁਪਏ ਕਮਾਏ ਹਨ। ਮਤਲਬ ਰੋਜ਼ਾਨਾ 17.5 ਕਰੋੜ ਦੀ ਕਮਾਈ।
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇੱਕ ਆਰਟੀਆਈ ਅਰਜ਼ੀ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਨਾਲ ਸਰਕਾਰੀ ਖਜ਼ਾਨੇ ਨੂੰ 2500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ਹਿਜ਼ਾਦ ਪੂਨਾਵਾਲਾ ਨੇ 'ਆਪ' 'ਤੇ ਦੋਸ਼ ਲਾਇਆ ਹੈ ਕਿ ਦਿੱਲੀ 'ਚ ਆਬਕਾਰੀ ਨੀਤੀ ਵਾਪਸ ਲੈਣ ਕਾਰਨ ਸਰਕਾਰ ਦੇ ਮਾਲੀਏ ਨੂੰ 2500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਵੀਂ ਸ਼ਰਾਬ ਨੀਤੀ 'ਚ ਭ੍ਰਿਸ਼ਟਾਚਾਰ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਸ ਸ਼ਰਾਬ ਨੀਤੀ 'ਚ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਪੰਜਾਬ ਅਤੇ ਗੋਆ 'ਚ ਚੋਣਾਂ ਲੜੀਆਂ ਹਨ।
ਪੂਨਾਵਾਲਾ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਤਹਿਤ ਦਿੱਲੀ ਸਰਕਾਰ ਨੇ 17 ਨਵੰਬਰ 2021 ਤੋਂ 31 ਅਗਸਤ 2022 ਤੱਕ ਕੁੱਲ 5036 ਕਰੋੜ ਰੁਪਏ ਕਮਾਏ ਹਨ। ਮਤਲਬ ਰੋਜ਼ਾਨਾ 17.5 ਕਰੋੜ ਦੀ ਕਮਾਈ। ਜਦਕਿ ਪੁਰਾਣੀ ਸ਼ਰਾਬ ਨੀਤੀ ਦੇ ਅਨੁਸਾਰ ਸਤੰਬਰ 2022 'ਚ ਕੁੱਲ 768 ਕਰੋੜ ਰੁਪਏ ਦੀ ਕਮਾਈ ਹੋਈ ਸੀ ਮਤਲਬ 25.6 ਕਰੋੜ ਰੁਪਏ ਪ੍ਰਤੀ ਦਿਨ ਦੀ ਕਮਾਈ ਹੋਈ ਸੀ। ਇਸ ਤਰ੍ਹਾਂ ਹਰ ਰੋਜ਼ ਘੱਟੋ-ਘੱਟ 8 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ।
ਸ਼ਰਾਬ ਮਾਫੀਏ ਨਾਲ ਮਿਲ ਕੇ ਕੀਤਾ ਘੁਟਾਲਾ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਕਿ ਰੋਜ਼ਾਨਾ 8 ਕਰੋੜ ਰੁਪਏ ਦੇ ਹਿਸਾਬ ਨਾਲ 288 ਦਿਨਾਂ 'ਚ ਕਰੀਬ 2300 ਕਰੋੜ ਦਾ ਨੁਕਸਾਨ ਹੋਇਆ ਹੈ। ਇਹ ਦਿੱਲੀ ਦੇ ਟੈਕਸਦਾਤਾਵਾਂ ਨੂੰ ਹੋਇਆ ਘੱਟੋ-ਘੱਟ ਨੁਕਸਾਨ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ 'ਆਪ' ਆਗੂਆਂ ਨੇ ਸ਼ਰਾਬ ਮਾਫੀਏ ਨਾਲ ਮਿਲ ਕੇ ਘਪਲਾ ਕੀਤਾ ਹੈ, ਜਿਸ ਦਾ ਖੁਲਾਸਾ ਸਟਿੰਗ ਆਪ੍ਰੇਸ਼ਨ 'ਚ ਹੋਇਆ ਹੈ। ਇਨ੍ਹਾਂ ਲੋਕਾਂ ਨੇ ਬਹੁਤ ਕਮਿਸ਼ਨ ਕਮਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।