ਐਲਪੀਜੀ ਗੈਸ ਦੀਆਂ ਕੀਮਤਾਂ ਭਾਰਤ 'ਚ ਸਭ ਤੋਂ ਵੱਧ, ਪੈਟਰੋਲ ਦਾ ਰੇਟ ਤੀਜੇ ਤੇ ਡੀਜ਼ਲ ਦਾ 7ਵੇਂ ਨੰਬਰ 'ਤੇ, ਕਾਂਗਰਸ ਨੇ ਰੱਖੇ ਲੋਕਾਂ ਸਾਹਮਣੇ ਅੰਕੜੇ
ਕਾਂਗਰਸ ਦੇ ਕੌਮੀ ਬੁਲਾਰਾ ਸੁਪ੍ਰਿਯਾ ਸ਼੍ਰੀਨੇਤ ਵੱਲੋਂ ਮਹਿੰਗਾਈ ਦੇ ਮੁੱਦੇ 'ਤੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ਨੂੰ ਰਗੜੇ ਲਾਏ। ਇਸ ਦੌਰਾਨ ਸੁਪ੍ਰਿਯਾ ਸ਼੍ਰੀਨੇਤ ਨੇ ਕਿਹਾ ਕਿ ਆਮ ਲੋਕਾਂ 'ਤੇ ਡੇਢ ਲੱਖ ਦਾ ਬੋਝ ਹੈ।
ਚੰਡੀਗੜ੍ਹ: ਕਾਂਗਰਸ ਦੇ ਕੌਮੀ ਬੁਲਾਰਾ ਸੁਪ੍ਰਿਯਾ ਸ਼੍ਰੀਨੇਤ (Supriya Shrinate news) ਵੱਲੋਂ ਮਹਿੰਗਾਈ ਦੇ ਮੁੱਦੇ 'ਤੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ਨੂੰ ਰਗੜੇ ਲਾਏ। ਇਸ ਦੌਰਾਨ ਸੁਪ੍ਰਿਯਾ ਸ਼੍ਰੀਨੇਤ ਨੇ ਕਿਹਾ ਕਿ ਆਮ ਲੋਕਾਂ 'ਤੇ ਡੇਢ ਲੱਖ ਦਾ ਬੋਝ ਹੈ। ਐਲਪੀਜੀ ਗੈਸ ਦੀਆਂ ਕੀਮਤਾਂ ਭਾਰਤ 'ਚ ਸਭ ਤੋਂ ਵੱਧ ਹਨ ਤੇ ਪੈਟਰੋਲ ਦਾ ਰੇਟ ਤੀਜੇ ਨੰਬਰ 'ਤੇ ਹੈ ਤੇ ਡੀਜ਼ਲ ਦਾ ਰੇਟ 7ਵੇਂ ਨੰਬਰ 'ਤੇ ਹੈ।
ਸ਼੍ਰੀਨੇਤ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੇ ਰੇਟ ਕਾਰਨ ਹਰ ਵਿਅਕਤੀ ਦੀ ਜੇਬ 'ਤੇ ਬੋਝ ਵਧਦਾ ਜਾ ਰਿਹਾ ਹੈ। ਪਹਿਲਾਂ ਵਧਦੀ ਮਹਿੰਗਾ ਹੋਣ ਕਾਰਨ ਆਮ ਲੋਕਾਂ ਦਾ ਲੱਕ ਟੁੱਟ ਜਾਂਦਾ ਸੀ ਪਰ ਹੁਣ ਤਾਂ ਗਲਾ ਹੀ ਵੱਢਿਆ ਜਾ ਰਿਹਾ ਹੈ। ਅੱਜ ਆਮ ਆਦਮੀ 'ਤੇ ਸਾਲਾਨਾ 72000 ਕਰੋੜ ਦਾ ਬੋਝ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਦੀਆਂ ਦਰਾਂ 'ਚ ਵਾਧੇ ਕਾਰਨ ਹੀ ਤੇਲ ਇੰਨਾ ਮਹਿੰਗਾ ਹੈ। ਪੈਟਰੋਲ 'ਤੇ 500 ਫੀਸਦੀ ਤੇ ਡੀਜ਼ਲ 'ਤੇ 200 ਫੀਸਦੀ ਐਕਸਾਈਜ਼ ਡਿਊਟੀ ਲੱਗੀ ਹੈ। ਸੁਪ੍ਰਿਯਾ ਨੇ ਕਿਹਾ ਕਿ ਜਦੋਂ ਚੋਣਾਂ ਚੱਲ ਰਹੀਆਂ ਸਨ ਤਾਂ ਰੇਟ ਵਧੇ ਨਹੀਂ ਪਰ ਜਿਵੇਂ ਹੀ ਚੋਣਾਂ ਖ਼ਤਮ ਹੋਈਆਂ, ਇਸ ਤੋਂ ਬਾਅਦ ਰੇਟ ਵਧ ਗਏ।
CNG ਦੇ ਕੱਲ੍ਹ ਰੇਟ ਵਧਣ ਤੋਂ ਬਾਅਦ ਇਸ ਦੇ ਭਾਅ ਵਿੱਚ 9 ਰੁਪਏ ਦਾ ਵਾਧਾ ਹੋਇਆ ਹੈ। PNG ਦੀ ਦਰ ਵਿੱਚ 6 ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਬੀਜੇਪੀ ਕਿਸਾਨਾਂ ਤੋਂ ਬਦਲਾ ਲੈ ਰਹੀ ਹੈ, ਕਿਸਾਨਾਂ ਦੇ ਖਾਦ ਦੇ ਰੇਟ ਵਧਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਵਾਈਆਂ ਦੇ ਰੇਟ ਵਧਾਏ ਜਾ ਰਹੇ ਹਨ। ਘਰ ਬਣਾਉਣ ਦੇ ਸਾਮਾਨ ਦੇ ਰੇਟਾਂ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਪੀਐਫ ਫੰਡ 'ਤੇ 2.5 ਲੱਖ ਤੋਂ ਵੱਧ ਦਾ ਟੈਕਸ ਲਗਾਇਆ ਗਿਆ ਹੈ। ਕਾਰ ਦਾ ਰੇਟ ਵਧਾਇਆ ਗਿਆ ਹੈ ਕਿਉਂਕਿ ਵਾਹਨ ਬਣਾਉਣ ਲਈ ਵਰਤੇ ਜਾਣ ਵਾਲੇ ਸਾਮਾਨ ਦੇ ਰੇਟ ਵਧਾ ਦਿੱਤੇ ਗਏ ਹਨ। ਪੈਟਰੋਲ ਡੀਜ਼ਲ ਦੀ ਲੁੱਟ ਹੁਣ ਤੁਹਾਡੇ ਘਰ ਤੱਕ ਪਹੁੰਚ ਗਈ ਹੈ।