Manipur Violence: 'ਇੰਫਾਲ-ਦੀਮਾਪੁਰ ਹਾਈਵੇਅ ਤੋਂ ਨਾਕਾਬੰਦੀ ਹਟਾਓ ਤਾਂ ਕਿ...', ਅਮਿਤ ਸ਼ਾਹ ਦੀ ਮਣੀਪੁਰ ਦੇ ਲੋਕਾਂ ਨੂੰ ਅਪੀਲ
Manipur Violence News: ਮਣੀਪੁਰ 'ਚ ਚੱਲ ਰਹੇ ਸੰਘਰਸ਼ 'ਚ ਹੁਣ ਤੱਕ 98 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਆਪਣੇ ਹਥਿਆਰ ਪੁਲਿਸ ਨੂੰ ਸੌਂਪਣ ਦੀ ਅਪੀਲ ਕੀਤੀ ਹੈ।
Manipur Violence Update: ਮਣੀਪੁਰ ਵਿੱਚ ਚੱਲ ਰਹੇ ਹੰਗਾਮੇ ਦੇ ਵਿਚਕਾਰ ਜ਼ਰੂਰੀ ਵਸਤਾਂ ਦੀ ਘਾਟ ਹੋ ਰਹੀ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਇਸ ਦੌਰਾਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ (4 ਜੂਨ) ਨੂੰ ਰਾਜ ਦੇ ਲੋਕਾਂ ਨੂੰ ਇੰਫਾਲ-ਦੀਮਾਪੁਰ ਰਾਸ਼ਟਰੀ ਰਾਜਮਾਰਗ-2 'ਤੇ ਨਾਕਾਬੰਦੀ ਨੂੰ ਹਟਾਉਣ ਦੀ ਅਪੀਲ ਕੀਤੀ ਤਾਂ ਜੋ ਭੋਜਨ, ਦਵਾਈਆਂ ਅਤੇ ਬਾਲਣ ਵਰਗੀਆਂ ਜ਼ਰੂਰੀ ਵਸਤੂਆਂ ਨੂੰ ਰਾਜ ਵਿੱਚ ਲਿਆਂਦਾ ਜਾ ਸਕੇ।
ਅਮਿਤ ਸ਼ਾਹ ਨੇ ਆਪਣੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਵਿੱਚ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਇਸ ਸਬੰਧ ਵਿੱਚ ਪਹਿਲਕਦਮੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ, "ਮੇਰੀ ਮਣੀਪੁਰ ਦੇ ਲੋਕਾਂ ਨੂੰ ਨਿਮਰਤਾਪੂਰਵਕ ਅਪੀਲ ਹੈ ਕਿ ਉਹ ਇੰਫਾਲ-ਦੀਮਾਪੁਰ ਰਾਸ਼ਟਰੀ ਰਾਜਮਾਰਗ-2 'ਤੇ ਲਗਾਈ ਗਈ ਨਾਕਾਬੰਦੀ ਨੂੰ ਹਟਾ ਦੇਣ ਤਾਂ ਕਿ ਭੋਜਨ, ਦਵਾਈਆਂ, ਪੈਟਰੋਲ/ਡੀਜ਼ਲ ਅਤੇ ਹੋਰ ਜ਼ਰੂਰੀ ਵਸਤੂਆਂ ਲੋਕਾਂ ਤੱਕ ਪਹੁੰਚ ਸਕਣ।"
ਅਮਿਤ ਸ਼ਾਹ ਦੀ ਮਣੀਪੁਰ ਦੇ ਲੋਕਾਂ ਨੂੰ ਅਪੀਲ
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਨਾਗਰਿਕ ਸੰਗਠਨਾਂ ਨੂੰ ਸਹਿਮਤੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਕੇਵਲ ਇਕੱਠੇ ਮਿਲ ਕੇ ਹੀ ਅਸੀਂ ਇਸ ਸੁੰਦਰ ਰਾਜ ਵਿੱਚ ਆਮ ਸਥਿਤੀ ਨੂੰ ਬਹਾਲ ਕਰ ਸਕਦੇ ਹਾਂ।" ਅਮਿਤ ਸ਼ਾਹ ਨੇ ਹਾਲ ਹੀ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਮਣੀਪੁਰ ਦਾ ਚਾਰ ਦਿਨਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਸੂਬੇ ਵਿੱਚ ਸ਼ਾਂਤੀ ਦੀ ਭਾਵਨਾ ਬਹਾਲ ਕਰਨ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ, ਕਿਹਾ ਰੇਲ ਹਾਦਸੇ ਨੂੰ ਲੈ ਕੇ ਨਹੀਂ ਹੋਣੀ ਚਾਹੀਦੀ ਸਿਆਸਤ...
ਹਥਿਆਰ ਰੱਖਣ ਵਾਲਿਆਂ ਨੂੰ ਦਿੱਤੀ ਸੀ ਚੇਤਾਵਨੀ
ਆਪਣੇ ਦੌਰੇ ਦੇ ਆਖਰੀ ਦਿਨ ਕੇਂਦਰੀ ਗ੍ਰਹਿ ਮੰਤਰੀ ਨੇ ਸਾਰੇ ਭਾਈਚਾਰਿਆਂ ਅਤੇ ਸਮਾਜ ਦੇ ਵਰਗਾਂ ਨੂੰ ਸ਼ਾਂਤੀ ਬਣਾਈ ਰੱਖਣ, ਗੱਲਬਾਤ ਕਰਨ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਪਣੇ ਹਥਿਆਰ ਪੁਲਿਸ ਨੂੰ ਸੌਂਪਣ ਦੀ ਅਪੀਲ ਕੀਤੀ। ਸ਼ਾਹ ਨੇ ਚਿਤਾਵਨੀ ਦਿੱਤੀ ਸੀ ਕਿ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਲੈ ਕੇ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਅਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਹੁਣ ਤੱਕ 98 ਲੋਕਾਂ ਦੀ ਮੌਤ
ਇਸ ਦੌਰਾਨ ਮਣੀਪੁਰ ਸਰਕਾਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਸੂਬੇ 'ਚ ਪਿਛਲੇ 24 ਘੰਟਿਆਂ 'ਚ ਹਿੰਸਾ ਦੀ ਕੋਈ ਘਟਨਾ ਨਹੀਂ ਹੋਈ ਅਤੇ ਸ਼ਨੀਵਾਰ ਨੂੰ ਸੂਬੇ 'ਚ ਪੂਰੀ ਤਰ੍ਹਾਂ ਸ਼ਾਂਤੀ ਰਹੀ। ਗੌਰਤਲਬ ਹੈ ਕਿ ਮਣੀਪੁਰ ਵਿੱਚ 3 ਮਈ ਨੂੰ ਮੈਤਈ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਕਬਾਇਲੀ ਏਕਤਾ ਮਾਰਚ ਕੱਢੇ ਜਾਣ ਤੋਂ ਬਾਅਦ ਜਾਤੀ ਹਿੰਸਾ ਭੜਕ ਗਈ ਸੀ। ਹਿੰਸਾ 'ਚ ਹੁਣ ਤੱਕ 98 ਲੋਕਾਂ ਦੀ ਜਾਨ ਜਾ ਚੁੱਕੀ ਹੈ।