ਡਾ. ਮਨਮੋਹਨ ਸਿੰਘ ਦੀ ਰਾਜ ਸਭਾ 'ਚ ਵਾਪਸੀ, 13 ਅਗਸਤ ਨੂੰ ਭਰਨਗੇ ਨਾਮਜ਼ਦਗੀ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੀ ਇੱਕ ਸੀਟ ਲਈ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋਣਗੇ। ਸੂਤਰਾਂ ਅਨੁਸਾਰ ਕਾਂਗਰਸ ਲੀਡਰਸ਼ਿਪ ਨੇ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਦੀ ਇੱਕ ਸੀਟ ਲਈ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹੋਣਗੇ। ਸੂਤਰਾਂ ਅਨੁਸਾਰ ਕਾਂਗਰਸ ਲੀਡਰਸ਼ਿਪ ਨੇ ਰਾਜਸਥਾਨ ਤੋਂ ਰਾਜ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਥੋੜੇ ਜਿਹੇ ਵਕਫ਼ੇ ਬਾਅਦ ਡਾ. ਮਨਮੋਹਨ ਸਿੰਘ ਦਾ ਦੁਬਾਰਾ ਰਾਜ ਸਭਾ ਵਿੱਚ ਪਹੁੰਚਣਾ ਲਗਪਗ ਤੈਅ ਹੈ। ਸੂਤਰ ਮੁਤਾਬਕ ਉਹ 13 ਅਗਸਤ ਨੂੰ ਜੈਪੁਰ ਪਹੁੰਚਣਗੇ ਤੇ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ। ਕੁਝ ਸਮਾਂ ਪਹਿਲਾਂ ਉਹ ਰਾਜਸਥਾਨ ਵਿਧਾਨ ਸਭਾ ਵਿੱਚ ਵਿਧਾਇਕਾਂ ਦੇ ਇੱਕ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੀ।
ਇਸ ਤੋਂ ਬਾਅਦ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸੀ ਕਿ ਮਨਮੋਹਨ ਸਿੰਘ ਇਸ ਵਾਰ ਰਾਜਸਥਾਨ ਤੋਂ ਹੀ ਰਾਜ ਸਭਾ ਪਹੁੰਚਣਗੇ। ਪ੍ਰਧਾਨ ਮੰਤਰੀ ਰਹਿੰਦੇ ਹੋਏ ਸਿੰਘ ਅਸਾਮ ਤੋਂ ਰਾਜ ਸਭਾ ਮੈਂਬਰ ਸਨ ਤੇ ਉਨ੍ਹਾਂ ਦਾ ਕਾਰਜਕਾਲ 14 ਜੂਨ ਨੂੰ ਪੂਰਾ ਹੋਇਆ ਸੀ। ਉਹ 1991 ਤੋਂ 2019 ਤੱਕ ਰਾਜ ਸਭਾ ਦੇ ਮੈਂਬਰ ਰਹੇ। ਰਾਜਸਥਾਨ ਦੇ ਬੀਜੇਪੀ ਪ੍ਰਧਾਨ ਮਦਨ ਲਾਲ ਸੈਣੀ ਦੇ ਦੇਹਾਂਤ ਕਾਰਨ ਰਾਜਸਥਾਨ ਤੋਂ ਰਾਜ ਸਭਾ ਦੀ ਇੱਕ ਸੀਟ ਲਈ ਉਪ ਚੋਣ ਹੋ ਰਹੀ ਹੈ।






















